ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ)-ਰਾਜਧਾਨੀ ਦਿੱਲੀ ਵਿਖੇ ਸਥਿਤ ਭਾਰਤ ਮੰਡਪਮ 'ਚ ਚੱਲ ਰਿਹਾ 44ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ | ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਭਾਰਤ ਮੰਡਪਮ ਵਿਖੇ ਵਪਾਰ ਮੇਲਾ ਵੇਖਣ ਪੁੱਜੇ | ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਦੀ ਖ਼ਤਰਨਾਕ ਸਥਿਤੀ ਹੋਣ ਕਾਰਨ ਕਾਫ਼ੀ ਲੋਕਾਂ ਨੇ ਘਰੋਂ ਨਿਕਲ ਕੇ ਮੇਲਾ ਵੇਖਣ ਜਾਣ ਤੋਂ ਗੁਰੇਜ਼ ਹੀ ਕੀਤਾ, ਨਹੀਂ ਤਾਂ ਵਪਾਰ ਮੇਲੇ 'ਚ ਲੋਕਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਸੀ | ਮੇਲਾ ਵੇਖਣ ਪੁੱਜੇ ਲੋਕਾਂ ਨੇ ਵੱਖ-ਵੱਖ ਸੂਬਿਆਂ ਦੇ ਸਟਾਲਾਂ 'ਤੇ ਜਾ ਕੇ ਪ੍ਰਦਰਸ਼ਿਤ ਕੀਤੇ ਗਏ ਉਤਪਾਦਾਂ ਨੂੰ ਵੇਖਿਆ ਅਤੇ ਮਨਪਸੰਦ ਚੀਜ਼ਾਂ ਦੀ ਖ਼ਰੀਦਦਾਰੀ ਵੀ ਕੀਤੀ | ਵਪਾਰ ਮੇਲੇ 'ਚ ਆਉਣ ਵਾਲੇ ਲੋਕ ਜਿਥੇ ਵੱਖ-ਵੱਖ ਸਟਾਲਾਂ 'ਤੇ ਜਾ ਰਹੇ ਹਨ, ਉਥੇ ਹੀ ਆਪਣੀਆਂ ਪਸੰਦ ਵਾਲੀਆਂ ਚੀਜ਼ਾਂ ਦੀ ਖ਼ਰੀਦਦਾਰੀ ਵੀ ਕਰ ਰਹੇ ਹਨ | ਹਾਲ ਨੰਬਰ-6 'ਚ ਲੋਕਾਂ ਵਲੋਂ ਆਧੁਨਿਕ ਡਿਜ਼ਾਈਨ ਵਾਲੀਆਂ ਲਾਈਟਾਂ ਤੇ ਹੋਰ ਵਸਤੂਆਂ ਦੀ ਖ਼ਰੀਦਦਾਰੀ ਪ੍ਰਤੀ ਵਿਸ਼ੇਸ਼ ਦਿਲਚਸਪੀ ਵਿਖਾਈ ਜਾ ਰਹੀ ਹੈ | ਹਾਲ ਨੰਬਰ-1 'ਚ ਥਾਈਲੈਂਡ ਦੇ 'ਫਰੈਸ਼ ਵਾਟਰ ਪਰਲ' ਦੇ ਡਿਜ਼ਾਈਨਰ ਗਹਿਣੇ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਇਹ ਕਈ ਰੰਗਾਂ ਜਿਵੇਂ ਚਿੱਟੇ, ਹਲਕੇ ਗੁਲਾਬੀ, ਗ੍ਰੇ, ਕਾਲੇ ਅਤੇ ਸਮੁੰਦਰੀ ਹਰੇ ਰੰਗ ਦੇ ਮੋਤੀ ਕਾਫ਼ੀ ਦਿਲ ਖਿੱਚਵੇਂ ਨਜ਼ਰ ਆ ਰਹੇ ਹਨ | ਹਾਲ ਨੰਬਰ-6 'ਚ ਲੱਗੇ ਖਾਦੀ ਮੰਡਪ 'ਚ ਖਾਦੀ ਇੰਡੀਆ ਦੇ ਸਟਾਲ 'ਤੇ ਅਜਿਹੀ ਚਾਹ ਉਪਲਬਧ ਹੈ ਜੋ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਬਲਕਿ ਫ਼ਾਇਦਾ ਕਰਦੀ ਹੈ | ਦੱਸਿਆ ਜਾ ਰਿਹਾ ਹੈ ਇਹ ਚਾਹ ਪੀਣ ਨਾਲ ਜੋੜਾਂ ਦਾ ਦਰਦ, ਗੈਸ ਅਤੇ ਮੋਟਾਪਾ ਘਟ ਕਰਨ 'ਚ ਮਦਦ ਕਰਦੀ ਹੈ |