ਮੋਗਾ, 16 ਜੂਨ (ਗੁਰਤੇਜ ਸਿੰਘ ਬੱਬੀ)- ਅਵਾਰਾ ਕੁੱਤਿਆਂ ਦੀ ਗਿਣਤੀ ਏਨੀ ਵਧ ਗਈ ਹੈ ਕਿ ਉਹ ਜਗ੍ਹਾ ਜਗ੍ਹਾ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਜਦ ਕਿ ਇਸ ਲਈ ਜ਼ਿੰਮੇਵਾਰ ਸਾਡੀਆਂ ਮੌਜੂਦਾ ਸਰਕਾਰਾਂ ਹਨ, ਜਿਨ੍ਹਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸੰਬੰਧਿਤ ਵਿਭਾਗ ਦੇ ਦੁਆਰਾ ਇਨ੍ਹਾਂ ਦੀ ਨਸਬੰਦੀ ਕਰਵਾ ਕੇ ਇਨ੍ਹਾਂ ਦੇ ਵਾਧੇ ਨੂੰ ਰੋਕਣਾ ਰੋਕਿਆ ਜਾਂਦਾ, ਪਰ ਸਰਕਾਰ ਇਸ ਮਾਮਲੇ 'ਚ ਨਸਬੰਦੀ ਕਰਵਾਉਣ ਦੇ ਢੰਡੋਰੇ ਤਾਂ ਪਿੱਟਦੀ ਹੈ ਪਰ ਅਸਲ ਹਕੀਕਤ 'ਚ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ, ਜਿਸ ਕਰ ਕੇ ਬੇਜ਼ਬਾਨ ਵੱਡੀ ਪੱਧਰ 'ਤੇ ਜਿੱਥੇ ਭੁੱਖ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਵੀ ਬਣਦੇ ਹਨ ਤੇ ਅਜਿਹਾ ਹੀ ਮਾਮਲਾ ਵਾਪਰਿਆ ਮੋਗਾ ਵਿਚ, ਜਿੱਥੇ ਇਕ ਵਿਅਕਤੀ ਨੇ ਇਕ ਅਵਾਰਾ ਕੁੱਤੀ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ | ਮਿਲੀ ਜਾਣਕਾਰੀ ਮੁਤਾਬਿਕ ਅਵਾਰਾ ਕੁੱਤਿਆਂ ਨੂੰ ਪਨਾਹ ਦੇਣ ਤੇ ਉਨ੍ਹਾਂ ਦਾ ਇਲਾਜ ਕਰਨ ਵਾਲੀ ਬਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਚੱਕੀ ਵਾਲੀ ਗਲੀ ਮੋਗਾ ਨੇ ਥਾਣਾ ਸਿਟੀ ਇਕ 'ਚ ਸਬ ਇੰਸਪੈਕਟਰ ਅਵੀ ਬਾਂਸਲ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਦੋਸਤ ਨੂਰ ਰੰਧਾਵਾ ਦਾ ਫ਼ੋਨ ਆਇਆ ਕਿ ਵਿਜੇ ਟਾਟੀ ਵਾਸੀ ਬਸਤੀ ਗੋਬਿੰਦਗੜ੍ਹ ਮੋਗਾ ਨੇ ਇਕ ਬੇਜ਼ਬਾਨ ਕੁੱਤੀ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ, ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਵਿਜੇ ਟਾਟੀ 'ਤੇ ਥਾਣਾ ਸਿਟੀ ਇਕ 'ਚ ਅੰਡਰ ਸੈਕਸ਼ਨ 325 ਬੀ.ਐਨ.ਐਸ. ਅਧੀਨ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ, ਜਿਸ ਦੌਰਾਨ ਵਿਜੇ ਟਾਟੀ ਕੁੱਤੀ ਨੂੰ ਪੱਥਰ ਮਾਰ ਰਿਹਾ ਸੀ ਤਾਂ ਉਸ ਦੀ ਇਹ ਕਰਤੂਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜੋ ਕਿ ਪੁਲਿਸ ਕੋਲ ਰਿਕਾਰਡ ਵਜੋਂ ਪਈ ਹੈ |