ਨਿਹਾਲ ਸਿੰਘ ਵਾਲਾ, 17 ਜੂਨ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰੇ ਦਾ 21 ਸਾਲਾ ਨੌਜਵਾਨ ਕੈਨੇਡਾ ਵਿਖੇ ਗੱਡੀ ਸਮੇਤ ਦਰਿਆ 'ਚ ਰੁੜ੍ਹ ਜਾਣ ਕਾਰਨ ਕਈ ਦਿਨਾਂ ਤੋਂ ਲਾਪਤਾ ਹੈ | ਜਿਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਦਰਿਆ ਦੇ ਤੇਜ਼ ਵਹਾਅ ਕਾਰਨ ਉਸ ਦਾ ਪਤਾ ਨਹੀਂ ਲੱਗ ਸਕਿਆ | ਹਿੰਮਤਪੁਰੇ ਪਿੰਡ ਦਾ 21 ਸਾਲਾ ਨੌਜਵਾਨ ਨਵਦੀਪ ਸਿੰਘ ਸਿੱਧੂ ਪੁੱਤਰ ਸੁਖਮੰਦਰ ਸਿੰਘ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਹੈ, ਦੋ ਕੁ ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ | ਲੜਕੇ ਦੇ ਪਿਤਾ ਸੁਖਮੰਦਰ ਸਿੰਘ ਨੇ ਦੱਸਿਆ ਉਨ੍ਹਾਂ ਦਾ ਲੜਕਾ ਨਵਦੀਪ ਸਿੰਘ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਵਿਖੇ ਵਰਕ ਪਰਮਿਟ 'ਤੇ ਰਹਿ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਜਾਣਕਾਰੀ ਉਨ੍ਹਾਂ ਦੇ ਕੈਨੇਡਾ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਦੇ ਦੱਸਣ ਅਨੁਸਾਰ ਨਵਦੀਪ ਸਿੰਘ ਸਿੱਧੂ ਨੌਜਵਾਨ ਆਪਣੇ ਤਿੰਨ ਸਾਥੀਆਂ ਸਮੇਤ ਗੱਡੀ 'ਚ ਸਵਾਰ ਹੋ ਕੇ ਜਾ ਰਿਹਾ ਸੀ ਦਰਖਤ ਤੋਂ ਬਚਾਅ ਕਰਦੇ ਸਮੇਂ ਉਸ ਦੀ ਗੱਡੀ ਦਰਿਆ 'ਚ ਚਲੀ ਗਈ | ਉਸ ਦੇ ਤਿੰਨ ਸਾਥੀ ਸੁਰੱਖਿਅਤ ਤਰੀਕੇ ਨਾਲ ਬਚ ਨਿਕਲਣ 'ਚ ਕਾਮਯਾਬ ਰਹੇ ਪਰ ਨਵਦੀਪ ਸਿੰਘ ਸਿੱਧੂ ਦਾ ਪਤਾ ਨਹੀਂ ਲੱਗ ਸਕਿਆ | ਪੁਲਿਸ, ਸਕੋਮਿਸ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰਿਸਕਿਊ ਟੀਮਾਂ ਨੇ ਗੱਡੀ ਅਤੇ ਗੁੰਮ ਨਵਦੀਪ ਸਿੰਘ ਦੀ ਭਾਲ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲ ਸਕੀ | ਜਿਉਂ ਹੀ ਇਸ ਘਟਨਾ ਬਾਰੇ ਨਵਦੀਪ ਸਿੰਘ ਦੇ ਪਰਿਵਾਰ ਨੂੰ ਜਾਣਕਾਰੀ ਮਿਲੀ ਉਸ ਸਮੇਂ ਤੋਂ ਹੀ ਪਰਿਵਾਰ ਸਦਮੇ 'ਚ ਹੈ | ਇਸ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਸਾਬਕਾ ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਸੁਖਚੈਨ ਸਿੰਘ ਢਿੱਲੋਂ ਨੇ ਨੌਜਵਾਨ ਨਵਦੀਪ ਸਿੰਘ ਦੀ ਸਹੀ ਸਲਾਮਤ ਲਈ ਪ੍ਰਮਾਤਮਾ ਅੱਗੇ ਦੁਆ ਕੀਤੀ |