ਅਜੀਤਵਾਲ, 18 ਜੂਨ (ਹਰਦੇਵ ਸਿੰਘ ਮਾਨ)-ਇਤਿਹਾਸਕ ਪਿੰਡ ਢੁੱਡੀਕੇ ਵਿਖੇ ਗ਼ਦਰੀ ਸ਼ਹੀਦ ਬਾਬਾ ਈਸ਼ਰ ਸਿੰਘ, ਗ਼ਦਰੀ ਸ਼ਹੀਦ ਬਾਬਾ ਰੂੜ ਸਿੰਘ ਨੂੰ 18 ਜੂਨ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਯਾਦ ਕਰਦਿਆਂ ਗ਼ਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸ਼ਖ਼ਸੀਅਤਾਂ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਰੋਟੀ ਰੋਜ਼ੀ ਕਮਾਉਣ ਗਏ ਸਿਰਲੱਥ ਯੋਧੇ ਗ਼ਦਰੀ ਬਾਬਿਆਂ ਨੇ ਸਭ ਕੁਝ ਛੱਡ-ਭੁੱਲ ਕੇ ਗ਼ਦਰ ਲਹਿਰ ਨਾਲ ਦੇਸ਼ ਆਜ਼ਾਦੀ ਦੀ ਜੰਗ ਲੜੀ, ਜਿਸ ਕਰਕੇ ਲਾਹੌਰ ਸਾਜ਼ਿਸ਼ ਕੇਸ 'ਚ ਪੰਜ ਗ਼ਦਰੀ ਬਾਬਿਆਂ ਨੂੰ 18 ਜੂਨ 1916 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਜਿਨ੍ਹਾਂ ਵਿਚ ਪਿੰਡ ਢੁੱਡੀਕੇ ਦੇ ਇਹ ਦੋ ਗ਼ਦਰੀ ਬਾਬੇ ਸਨ | ਨਾਵਲਕਾਰ ਮਾਸਟਰ ਹਰੀ ਸਿੰਘ ਢੁੱਡੀਕੇ ਨੇ ਗ਼ਦਰ ਲਹਿਰ ਬਾਰੇ ਦੱਸਿਆ ਕਿ ਢੁੱਡੀਕੇ ਪਿੰਡ ਗ਼ਦਰ ਲਹਿਰ ਦਾ ਸਬ-ਸੈਂਟਰ ਸੀ, ਜਿੱਥੇ ਗ਼ਦਰੀ ਮੀਟਿੰਗਾਂ ਕਰਦੇ ਸੀ ਤੇ ਇਕ ਵਾਰ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਮੀਟਿੰਗ 'ਤੇ ਆਏ ਸਨ | ਅੰਗਰੇਜ਼ ਸਰਕਾਰ ਨੇ ਲਹਿਰ ਨੂੰ ਦਬਾਉਣ ਲਈ ਨਜ਼ਦੀਕੀ ਪਿੰਡ ਚੂਹੜਚੱਕ 'ਚ ਪੁਲਿਸ ਚੌਕੀ ਬਣਾਈ ਸੀ ਤੇ ਗ਼ਦਰ ਲਹਿਰ ਦੇ ਸਮਰਥਨ ਕਰਕੇ ਪਿੰਡ ਦੀਆਂ 4 ਲੰਬੜਦਾਰੀਆਂ ਤੋੜ ਦਿੱਤੀਆਂ ਸਨ | ਗ਼ਦਰੀ ਬਾਬਾ ਰੂੜ ਸਿੰਘ ਤਲਵੰਡੀ ਦੁਸਾਂਝ ਵੀ ਇੱਥੇ ਆਪਣੀ ਭੈਣ ਕੋਲ ਰਹਿਣ ਲੱਗੇ ਜੋ ਗ਼ਦਰੀ ਬਾਬਾ ਪਾਖਰ ਸਿੰਘ ਦੇ ਗਵਾਂਢੀ ਹੋਣ ਕਾਰਣ, ਪ੍ਰਭਾਵਿਤ ਹੋ ਕੇ ਗ਼ਦਰ ਲਹਿਰ ਵਿਚ ਸ਼ਾਮਿਲ ਹੋਏ | ਇਸ ਮੌਕੇ ਸਰਪੰਚ ਦਰਸ਼ਪ੍ਰੀਤ ਸਿੰਘ, ਪ੍ਰਧਾਨ ਸਰਬਜੀਤ ਸਿੰਘ, ਤਰਨਜੀਤਪਾਲ ਸਿੰਘ ਸਕੱਤਰ, ਮਾਸਟਰ ਹਰੀ ਸਿੰਘ ਢੁੱਡੀਕੇ, ਰਣਜੀਤ ਸਿੰਘ ਧੰਨਾ, ਰਾਜ ਜੰਗ ਸਿੰਘ, ਚਮਕੌਰ ਸਿੰਘ ਫ਼ੌਜੀ, ਪਤਵੰਤ ਸਿੰਘ, ਜਗਰੂਪ ਸਿੰਘ ਸਰਾਂ, ਮਾਸਟਰ ਗੋਪਾਲ ਸਿੰਘ, ਕਾਮਰੇਡ ਚਮਕੌਰ ਸਿੰਘ, ਜੈਕਬ ਸਿੰਘ ਬਿੱਟੂ, ਸਤਪਾਲ ਸਿੰਘ ਮਿਸਤਰੀ ਆਦਿ ਨੇ ਗ਼ਦਰੀ ਬਾਬਿਆਂ ਨੂੰ ਸ਼ਰਧਾ ਸਹਿਤ ਸ਼ਰਧਾਂਜਲੀ ਭੇਟ ਕੀਤੀ |