ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਮੁੱਖ ਜਲ ਘਰ ਤੋਂ ਚਾਰ ਦਿਨ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਕੋਟਕਪੂਰਾ ਰੋਡ 'ਤੇ ਵੱਸੇ ਮੁਹੱਲਿਆਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਟਕਪੂਰਾ ਰੋਡ ਵਾਸੀ ਦਰਸ਼ਨ ਸਿੰਘ ਬਰਾੜ ਨੇ ਦੱਸਿਆ ਕਿ ਅੰਮਿ੍ਤ ਜਲ ਯੋਜਨਾ ਦਾ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਕੀ ਲਾਭ ਜਦੋਂ ਰੋਜ਼ਾਨਾ ਸਾਫ਼ ਪਾਣੀ ਦੀ ਢੰਗ ਨਾਲ ਸਪਲਾਈ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਵਾਲਵ ਤੇ ਮੋਟਰਾਂ ਸਾਲਾਂ ਪੁਰਾਣੀਆਂ ਹਨ ਜੋ ਹਰ ਰੋਜ਼ ਖਰਾਬ ਰਹਿੰਦੀਆਂ ਹਨ ਇਕ ਨਵੀਂ ਵਾਟਰ ਟੈਂਕੀ ਦਾ ਪ੍ਰਸਤਾਵ ਕਾਗਜ਼ਾਂ ਤੱਕ ਹੀ ਸੀਮਤ ਹੈ | ਕਈ ਵਾਰ ਸੀਵਰੇਜ ਦਾ ਮਿਕਸ ਪਾਣੀ ਸਪਲਾਈ ਹੋ ਜਾਂਦਾ ਹੈ | ਹੁਣ ਚਾਰ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਪਈ ਹੈ | ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਹੋਇਆ ਹੈ | ਇਸ ਲਈ ਜਾਗਣ ਦੀ ਲੋੜ ਹੈ ਕਿਉਂਕਿ ਗਰਮੀ ਵਿਚ ਲੋਕਾਂ ਨੂੰ ਪਾਣੀ ਦੀ ਸਖ਼ਤ ਲੋੜ ਹੈ | ਇਸ ਤਰ੍ਹਾਂ ਹੀ ਸਮਾਜ ਸੇਵਕ ਕਰਮਜੀਤ ਸਿੰਘ ਕਰਮਾ ਨੇ ਕਿਹਾ ਕਿ ਮੋਟਰ ਖਰਾਬ ਹੋਣ ਕਰਕੇ ਚਾਰ ਦਿਨ ਤੋਂ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਖਰਾਬ ਮੋਟਰਾਂ ਲਾਹ ਕੇ ਰੱਖੀਆਂ ਹੋਈਆਂ ਹਨ | ਜਦ ਕਿ ਵਾਧੂ ਇਕ ਮੋਟਰ ਠੀਕ ਕਰਵਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਚੱਲ ਰਹੀ ਮਸ਼ੀਨਰੀ ਵਿਚ ਜਦੋਂ ਕੋਈ ਨੁਕਸ ਪੈ ਜਾਵੇ ਤਾਂ ਦੂਜੀ ਮੋਟਰ ਲਗਾ ਕੇ ਪਾਣੀ ਨੂੰ ਚੱਲਦਾ ਰੱਖਿਆ ਜਾ ਸਕੇ ਕਿਉਂਕਿ ਪਾਣੀ ਸਭ ਤੋਂ ਮੁੱਢਲੀ ਜ਼ਰੂਰਤ ਹੈ ਅਤੇ ਹੁਣ ਪੈ ਰਹੀ ਭਿਆਨਕ ਗਰਮੀ ਵਿਚ ਪਾਣੀ ਦੀ ਬਹੁਤ ਲੋੜ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ |