ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਨੂੰ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕੀਤਾ | ਇਸ ਮੌਕੇ ਬੋਲਦਿਆਂ ਸ. ਡੱਲੇਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਆਏ ਦਿਨ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ 'ਤੇ ਹਮਲਾਵਰ ਹੋ ਰਹੀ ਹੈ, ਇਸ ਲਈ ਵੱਡੇ ਅੰਦੋਲਨ ਦੀ ਤਿਆਰੀ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਹੁਤ ਦਾਅਵੇ ਕਰਦੀ ਸੀ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ, ਪਰ ਇਹ ਸਰਕਾਰ ਫ਼ੈਸਲੇ ਕਾਰਪੋਰੇਟ ਪੱਖੀ ਲੈ ਰਹੀ ਹੈ | ਉਨ੍ਹਾਂ ਕਿਹਾ ਕਿ ਦੋ ਜ਼ਿਲਿ੍ਹਆਂ ਨੂੰ ਛੱਡ ਕੇ ਪੰਜਾਬ ਵਿਚ ਲੈਂਡ ਪੂਲਿੰਗ ਐਕਟ ਤਹਿਤ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦੇ ਫ਼ੈਸਲੇ ਲੈ ਰਹੀ ਹੈ, ਜਿਸ ਵਿਚ ਇੱਕ ਏਕੜ ਰਕਬੇ 'ਚ 4840 ਗਜ਼ ਬਣਦੇ ਹਨ ਜਿਸ ਵਿਚੋਂ 1200 ਗਜ ਕਿਸਾਨਾਂ ਨੂੰ ਦੇਣੀ ਹੈ | ਇਸ ਵਿਚੋਂ 1000 ਗਜ਼ ਰਿਹਾਇਸ਼ੀ ਤੇ 200 ਗਜ਼ ਕਮਰਸ਼ੀਅਲ ਦੇਣੀ ਹੈ, ਜਿਸ ਨਾਲ 75 ਪ੍ਰਤੀਸ਼ਤ ਜ਼ਮੀਨ ਕਿਸਾਨਾਂ ਦੀ ਲੈ ਲਈ ਜਾਵੇਗੀ | ਨਗਰ ਵਸਾਉਣ ਦੇ ਨਾਂਅ 'ਤੇ ਸੜਕਾਂ, ਗਲੀਆਂ ਬਣਾ ਕੇ ਪਲਾਟ ਕੱਟ ਦਿੱਤੇ ਜਾਣਗੇ | ਹੋਰ ਇਨ੍ਹਾਂ ਨੇ ਕੁਝ ਨਹੀਂ ਕਰਨਾ | ਪੂਰੇ ਪੰਜਾਬ ਨੂੰ ਇਸ ਤਹਿਤ ਲਪੇਟ ਵਿਚ ਲੈ ਰਹੇ ਹਨ | ਕੇਂਦਰ ਸਰਕਾਰ ਹੋਰ ਦੇਸ਼ਾਂ ਤੋਂ ਖੇਤੀ, ਡੇਅਰੀ, ਪੋਲਟਰੀ ਤੇ ਫਿਸ਼ਰੀ ਮੰਗਵਾਉਣਾ ਚਾਹੁੰਦੀ ਹੈ | ਇਸ ਨਾਲ ਖੇਤੀ ਤੇ ਆਰਥਿਕਤਾ ਦਾ ਢਾਂਚਾ ਡਾਵਾਂਡੋਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਹਰ ਪਿੰਡ ਤੇ ਬਲਾਕ ਪੱਧਰ 'ਤੇ ਮੀਟਿੰਗਾਂ ਕਰਕੇ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਘਰ-ਘਰ ਜਥੇਬੰਦੀ ਦਾ ਝੰਡਾ ਝੂਲੇਗਾ ਤੇ ਲੋਕਾਂ ਨੂੰ ਲਾਮ ਬੰਦ ਕੀਤਾ ਜਾਵੇਗਾ, ਤਾਂ ਜੋ ਭਵਿੱਖ ਵਿਚ ਤਕੜੀ ਲੜਾਈ ਦੇ ਕੇ ਹੋ ਰਹੇ ਹਮਲਿਆਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਨਸ਼ੇ ਤੋਂ ਬਿਲਕੁਲ ਬਚਿਆ ਜਾਵੇ ਅਤੇ ਆਪਣੇ-ਆਪ ਨੂੰ ਸਰਕਾਰ ਖ਼ਿਲਾਫ਼ ਲੜਾਈ ਲਈ ਤਿਆਰ ਕੀਤਾ ਜਾਵੇ, ਕਿਉਂਕਿ ਮੰਗਾਂ ਮੰਨਵਾਉਣ ਲਈ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕਰਨਾ ਪੈ ਸਕਦਾ ਹੈ | ਸ. ੲੱਲੇਵਾਲ ਨੇ ਕਿਹਾ ਕਿ ਸਾਲ 1967-67 ਨੂੰ ਆਧਾਰ ਮੰਨ ਕੇ ਜੇਕਰ ਫ਼ਸਲਾਂ ਦੇ ਭਾਅ ਤੈਅ ਕੀਤੇ ਜਾਣ ਤਾਂ ਉਸ ਮੁਤਾਬਿਕ ਕਣਕ ਦਾ ਭਾਅ 7600 ਪ੍ਰਤੀ ਕੁਇੰਟਲ ਬਣਦਾ ਹੈ, ਜਦਕਿ ਹੁਣ ਕਿਸਾਨਾਂ ਨੂੰ 2300 ਰੁਪਏ ਪ੍ਰਤੀ ਕੁਇੰਟਲ ਮਿਲਦਾ ਹੈ | ਇਸ ਤਰ੍ਹਾਂ ਫ਼ਸਲਾਂ ਦੇ ਸਹੀ ਮੁੱਲ ਨਿਰਧਾਰਤ ਕਰਨ ਲਈ ਜਦੋਂ ਆਵਾਜ਼ ਉੱਠੀ ਤਾਂ ਸੰਨ 2004 ਵਿਚ ਕਮਿਸ਼ਨ ਮੁਕੱਰਰ ਕਰਕੇ ਸੁਆਮੀਨਾਥਨ ਨੂੰ ਚੇਅਰਮੈਨ ਲਾਇਆ ਗਿਆ, ਜੋ ਉਨ੍ਹਾਂ ਵਲੋਂ ਸਿਫ਼ਾਰਸ਼ਾਂ ਕੀਤੀਆਂ ਗਈਆਂ, ਉਸ ਮੁਤਾਬਕ ਵੀ ਲਾਗਤ ਖ਼ਰਚੇ 'ਤੇ 50 ਫ਼ੀਸਦੀ ਮੁਨਾਫ਼ਾ ਦੇਣ ਦੀ ਗੱਲ ਕੀਤੀ ਗਈ, ਜਿਸ ਮੁਤਾਬਕ ਕਣਕ ਦਾ ਭਾਅ 4800 ਰੁਪਏ ਪ੍ਰਤੀ ਕੁਇੰਟਲ, ਝੋਨੇ ਦਾ ਭਾਅ 3600 ਪ੍ਰਤੀ ਕੁਇੰਟਲ ਅਤੇ ਨਰਮੇ ਦਾ ਭਾਅ 12 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਬਣਦਾ ਹੈ, ਪਰ ਸਰਕਾਰਾਂ ਨੇ ਇਸ 'ਤੇ ਵੀ ਅਮਲ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਘੱਸੂਖਾਨਾ ਵਿਖੇ ਮੌੜ ਮੰਡੀ ਤੋਂ ਪਿੰਡ ਵਿਚ ਦੀ ਜੋ ਗੰਦੇ ਨਾਲ ਕੱਢਣ ਦੀਆਂ ਪਾਈਪਾਂ ਪਾਉਣ ਲਈ ਯੂਨੀਅਨ ਨੇ ਸੰਘਰਸ਼ ਕੀਤਾ ਸੀ, ਉਸ ਮੋਰਚੇ ਵਿਚ ਸਫ਼ਲਤਾ ਮਿਲੀ, ਇਹ ਤੁਹਾਡੇ ਏਕੇ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਭਾਜਪਾ ਰਾਜ ਵਾਲੇ ਸੂਬਿਆਂ ਵਿਚ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਫ਼ੈਸਲੇ ਲਏ ਜਾ ਰਹੇ ਹਨ, ਪਰ ਪੰਜਾਬ ਦੀ ਸਰਕਾਰ ਨੇ ਵੀ ਲੈਂਡ ਪੂਲਿੰਗ ਮਾਮਲੇ ਵਿਚ ਗ਼ਲਤ ਫ਼ੈਸਲਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਕਾਰਪੋਰੇਟ ਪੱਖੀ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ | ਇਸ ਮੌਕੇ ਖਨੌਰੀ ਬਾਰਡਰ 'ਤੇ ਮਰਨ ਵਰਤ ਰੱਖਣ ਵਾਲੇ ਅਤੇ ਘੱਸੂਖਾਨਾ ਮੋਰਚੇ ਵਿਚ ਜੇਲ੍ਹ ਜਾਣ ਵਾਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ | ਆਉਣ ਵਾਲੇ ਸਮੇਂ ਵਿਚ ਸਰਕਾਰ ਖ਼ਿਲਾਫ਼ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਰਹੇਗਾ | ਇਸ ਮੌਕੇ ਬਲਜੀਤ ਸਿੰਘ ਬੋਦੀਵਾਲਾ, ਹਰਭਗਵਾਨ ਸਿੰਘ ਲੰਬੀ, ਬਾਬਾ ਗੋਰਾ ਸਿੰਘ ਫਕਰਸਰ, ਹਰਜਿੰਦਰ ਸਿੰਘ ਸੰਧੂ ਲੁਬਾਣਿਆਂਵਾਲੀ, ਬੂਟਾ ਸਿੰਘ ਖ਼ਾਲਸਾ ਦੋਦਾ, ਕਸ਼ਮੀਰ ਸਿੰਘ ਭਲਵਾਨ ਮਾਂਗਟਕੇਰ, ਉਦੇ ਸਿੰਘ ਘੁੜਿਆਣਾ, ਸਰਬਜੀਤ ਸਿੰਘ ਧਾਲੀਵਾਲ ਭਾਗਸਰ, ਅੰਗਰੇਜ਼ ਸਿੰਘ ਕਾਉਣੀ, ਜਸਵੀਰ ਸਿੰਘ ਵੱਟੂ, ਜਗਮੀਤ ਸਿੰਘ ਝੋਰੜ, ਮਾਸਟਰ ਸਰਬਨ ਸਿੰਘ, ਸੁਰਜੀਤ ਸਿੰਘ ਔਲਖ, ਹਰਮੀਤ ਸਿੰਘ ਲੰਬੀਢਾਬ, ਗੁਰਲਾਲ ਸਿੰਘ ਕਾਉਣੀ, ਬਲਦੇਵ ਸਿੰਘ ਖੋਸਾ, ਸੁਲੱਖਣ ਸਿੰਘ ਭਾਗਸਰ ਤੋਂ ਇਲਾਵਾ ਪਿੰਡਾਂ, ਬਲਾਕਾਂ ਦੇ ਅਹੁਦੇਦਾਰ ਤੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਹਾਜ਼ਰ ਸਨ |