ਮੋਗਾ, 20 ਜੂਨ (ਜਸਪਾਲ ਸਿੰਘ ਬੱਬੀ)-ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਆਪਣੇ ਜਨਮ ਦਿਨ 'ਤੇ ਹਰਿਆਲੀ ਵਧਾਉਣ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਬੂਟੇ ਲਗਾਏ | ਜਿੱਥੇ ਆਮ ਤੌਰ 'ਤੇ ਕੇਕ ਅਤੇ ਤੋਹਫ਼ਿਆਂ ਦੀ ਰੀਤ ਹੁੰਦੀ ਹੈ, ਉੱਥੇ ਇਸ ਵਾਰ ਜਨਮ ਦਿਨ ਮੌਕੇ ਹਰੇ-ਭਰੇ ਬੂਟੇ ਲਗਾ ਕੇ ਧਰਤੀ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਬੂਟਾ ਲਾ ਕੇ ਉਸ ਦੀ ਸਾਂਭ-ਸੰਭਾਲ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਆਪਣੇ ਜਨਮ ਦਿਨ 'ਤੇ ਜਾਂ ਘਰ ਵਿਚ ਕਿਸੇ ਵੀ ਛੋਟੇ ਵੱਡੇ ਮੈਂਬਰ ਦਾ ਜਨਮ ਦਿਨ ਹੋਵੇ ਤਾਂ ਇਸ ਸੁਭ ਦਿਹਾੜੇ 'ਤੇ ਪੌਦਾ ਲਾਇਆ ਜਾਵੇ ਅਤੇ ਉਸ ਦਾ ਪਾਲਣ ਪੋਸ਼ਣ ਕੀਤਾ ਜਾਵੇ ਤਾਂ ਜੋ ਵਾਤਾਵਰਣ ਸ਼ੁੱਧ ਅਤੇ ਹਰਿਆ-ਭਰਿਆ ਬਣ ਸਕੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਰੁੱਖ ਬਣਨ ਤੱਕ ਸੇਵਾ ਸੰਭਾਲ ਦੀ ਜ਼ੰੁਮੇਵਾਰੀ ਵੀ ਲੈਣੀ ਚਾਹੀਦੀ ਹੈ | ਇਸ ਮੌਕੇ ਕਾਲਜ ਸਟਾਫ਼ ਨੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੂੰ ਵਧਾਈ ਦਿੱਤੀ |