ਸਮਾਧ ਭਾਈ, 20 ਜੂਨ (ਜਗਰੂਪ ਸਿੰਘ ਸਰੋਆ)-ਪਿੰਡ ਸਮਾਧ ਭਾਈ ਵਿਚ ਸਰਕਾਰੀ ਟੈਲੀਕਾਮ ਕੰਪਨੀ ਬੀ.ਐਸ.ਐਨ.ਐਲ. ਦੀ ਸੇਵਾ ਬੁਰੀ ਤਰ੍ਹਾਂ ਫ਼ੇਲ੍ਹ ਹੋਣ ਕਾਰਨ ਲੋਕ ਆਧੁਨਿਕ ਯੁਗ ਵਿਚ ਵੀ ਡਿਜੀਟਲ ਭਾਰਤ ਦੇ ਫ਼ਾਇਦਿਆਂ ਤੋਂ ਵਾਂਝੇ ਹਨ | ਇੱਥੇ ਕਈ ਸਾਲਾਂ ਤੋਂ ਸਿਰਫ਼ 2 ਜੀ ਨੈੱਟਵਰਕ ਹੀ ਕੰਮ ਕਰ ਰਿਹਾ ਹੈ ਜੋ ਨਾ ਸਿਰਫ਼ ਬੇਹੱਦ ਹੌਲੀ ਹੈ, ਸਗੋਂ 4 ਜੀ, 5 ਜੀ ਦੇ ਆਧੁਨਿਕ ਯੁੱਗ ਵਿਚ ਇਹ ਸੇਵਾ ਬੇਕਾਰ ਸਾਬਤ ਹੋ ਰਹੀ ਹੈ | ਖਪਤਕਾਰ ਗੁਰਤੇਜ ਸਿੰਘ, ਪ੍ਰੀਤਮ ਸਿੰਘ, ਪਵਨਦੀਪ ਸਿੰਘ, ਕਿਰਪਾਲ ਸਿੰਘ, ਜੀਤ ਸਿੰਘ ਆਦਿ ਮੁਤਾਬਿਕ ਨਾ ਤਾਂ ਕਾਲ ਸਹੀ ਹੁੰਦੀ ਹੈ, ਨਾ ਹੀ ਇੰਟਰਨੈੱਟ ਤੇ ਆਮ ਵਰਤੋਂ ਵਾਲੀਆਂ ਐਪਾਂ ਚੱਲਦੀਆਂ ਹਨ, ਜਿਸ ਨਾਲ ਵਿਦਿਆਰਥੀਆਂ, ਨੌਜਵਾਨਾਂ, ਖੇਤੀਬਾੜੀ ਨਾਲ ਜੁੜੇ ਲੋਕਾਂ, ਆਨਲਾਈਨ ਕੰਮ ਕਰਨ ਵਾਲਿਆਂ ਲਈ ਇਹ ਨੈੱਟਵਰਕ ਵੱਡੀ ਰੁਕਾਵਟ ਬਣਨ ਦੇ ਨਾਲ ਆਮ ਲੋਕਾਂ ਲਈ ਸਰਕਾਰੀ ਸਕੀਮਾਂ ਜਾਂ ਸੇਵਾਵਾਂ ਦੀ ਜਾਣਕਾਰੀ ਲੈਣ ਵਿਚ ਭਾਰੀ ਮੁਸ਼ਕਲ ਪੈਦਾ ਕਰ ਰਿਹਾ ਹੈ | ਇੰਟਰਨੈੱਟ ਦੀ ਗਤੀ ਐਨੀ ਹੌਲੀ ਹੈ ਕਿ ਇਕ ਸਧਾਰਨ ਵਟਸ-ਐਪ ਮੈਸੇਜ ਭੇਜਣ ਜਾਂ ਲੈਣ ਵਿਚ ਵੀ ਮਿੰਟ ਲੱਗ ਜਾਂਦੇ ਹਨ | ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ, ਪਰ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ | ਗ੍ਰਾਮ ਪੰਚਾਇਤ ਅਤੇ ਖਪਤਕਾਰਾਂ ਵਲੋਂ ਕੇਂਦਰ ਸਰਕਾਰ ਅਤੇ ਟੈਲੀਕਾਮ ਵਿਭਾਗ ਦੇ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਸਮਾਧ ਭਾਈ ਨੂੰ ਤੁਰੰਤ 4 ਜੀ ਜਾਂ 5 ਜੀ ਸੇਵਾ ਨਾਲ ਜੋੜਿਆ ਜਾਵੇ ਤਾਂ ਜੋ ਪਿੰਡ ਵਾਸੀ ਵੀ ਡਿਜੀਟਲ ਭਾਰਤ ਦੇ ਲਾਭ ਲੈ ਸਕਣ |