ਸੈਕਰਾਮੈਂਟੋ, 20 ਜੂਨ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਸਟੇਟ ਸੈਨਟ ਮੈਂਬਰ ਗਾਜ਼ਲਾ ਹਾਸ਼ਮੀ ਨੇ ਰਿਚਮੰਡ, ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਵਜੋਂ ਡੈਮੋਕਰੈਟਿਕ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਜਿੱਤ ਲਈ ਹੈ | 60 ਸਾਲਾ ਵਿਧਾਇਕਾ ਪਹਿਲੀ ਸਾਊਥ ਏਸ਼ੀਅਨ ਮੁਸਲਮਾਨ ਔਰਤ ਹੈ ਜੋ ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਨਾਮਜ਼ਦ ਹੋਈ ਹੈ | ਉਹ 2019 ਵਿਚ ਵਿਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਸੀ | ਹਾਸ਼ਮੀ ਇਕ ਸਾਬਕਾ ਪ੍ਰੋਫੈਸਰ ਹੈ ਤੇ ਵਿਰਜੀਨੀਆ ਦੀ ਰਾਜਨੀਤੀ ਵਿਚ ਉਸ ਦੀ ਖਾਸ ਜਗ੍ਹਾ ਹੈ | ਹਾਸ਼ਮੀ ਭਾਰਤ ਵਿਚ ਪੈਦਾ ਹੋਈ ਸੀ ਤੇ ਉਹ 4 ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਅਮਰੀਕਾ ਆਈ ਸੀ | ਹਾਸ਼ਮੀ ਨੇ 131000 ਵੋਟਾਂ ਲੈ ਕੇ ਸਾਬਕਾ ਰਿਚਮੰਡ ਮੇਅਰ ਲੀਵਰ ਸਟੋਨੀ ਨੂੰ ਹਰਾਇਆ ਜਿਸ ਨੂੰ 128000 ਤੋਂ ਵਧ ਵੋਟਾਂ ਮਿਲੀਆਂ |