ਅਜੀਤਵਾਲ, 22 ਜੂਨ (ਹਰਦੇਵ ਸਿੰਘ ਮਾਨ)- ਨਾਮਵਰ ਲੇਖਕ ਅਤੇ ਪ੍ਰਸਿੱਧ ਨਾਵਲਕਾਰ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਨਵਾਂ ਨਾਵਲ ਚੰਦਰ ਸ਼ੇਖਰ ਆਜ਼ਾਦ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਅਹਿਮ ਸ਼ਖ਼ਸੀਅਤਾਂ ਸਮੇਤ ਲੋਕ ਅਰਪਣ ਕੀਤਾ ਗਿਆ | ਇਸ ਦੌਰਾਨ ਰੱਖੇ ਸਾਦੇ ਸਮਾਗਮ ਵੇਲੇ ਵਿਚਾਰ ਅਤੇ ਕਾਵਿ ਚਰਚਾ ਰੱਖੀ ਗਈ, ਜਿਸ ਦੇ ਪ੍ਰਧਾਨਗੀ ਮੰਡਲ 'ਚ ਪਿ੍ੰਸੀਪਲ ਬਲਦੇਵ ਬਾਵਾ, ਜਗੀਰ ਸਿੰਘ ਬੱਧਨੀ, ਅਮਰੀਕ ਸੈਦੋਕੇ, ਜਸਵੰਤ ਰਾਊਕੇ, ਜਰਨੈਲ ਸਿੰਘ ਮੱਲੇਆਣਾ ਸ਼ਾਮਿਲ ਸਨ | ਸਭ ਤੋਂ ਪਹਿਲਾਂ ਜਗੀਰ ਸਿੰਘ ਬੱਧਨੀ ਦੀਆਂ ਨਿੱਕੀਆਂ ਦੋ ਦੋਹਤੀਆਂ ਨੇ ਬੜੀ ਸੁਰੀਲੀ ਆਵਾਜ਼ 'ਚ ਗੀਤ ਰਾਹੀਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਵਧੀਆ ਸੁਨੇਹਾ ਦਿੱਤਾ, ਫਿਰ ਹਰੀ ਸਿੰਘ ਢੁੱਡੀਕੇ ਨੇ ਆਪਣੇ ਨਵੇਂ ਨਾਵਲ ਚੰਦਰ ਸ਼ੇਖਰ ਆਜ਼ਾਦ ਬਾਰੇ ਸੰਖੇਪ 'ਚ ਗੱਲਬਾਤ ਕੀਤੀ | ਇਸ ਪਿੱਛੋਂ ਜਸਵੰਤ ਰਾਊਕੇ, ਅਮਰੀਕ ਸੈਦੋਕੇ, ਮੰਗਲ ਮੀਡ ਪੱਤੋ ਨੇ ਸ਼ਾਨਦਾਰ ਕਵਿਤਾਵਾਂ ਪੇਸ਼ ਕੀਤੀਆਂ | ਆਪਣੇ ਵਿਚਾਰ ਪੇਸ਼ ਕਰਦਿਆਂ ਜਰਨੈਲ ਸਿੰਘ ਮੱਲੇਆਣਾ ਨੇ ਕਿਹਾ ਕਿ ਹਰੀ ਸਿੰਘ ਨੇ ਸਖ਼ਤ ਮਿਹਨਤ ਨਾਲ ਬਹੁਤ ਵਧੀਆ ਇਤਿਹਾਸਿਕ ਨਾਵਲ ਲਿਖੇ ਹਨ | ਜਗੀਰ ਸਿੰਘ ਬੱਧਨੀ ਨੇ ਕਿਹਾ ਕਿ ਅਜਿਹੇ ਨਾਵਲ ਲਿਖਣ ਲਈ ਬਹੁਤ ਇਤਿਹਾਸਿਕ ਪੜ੍ਹਾਈ, ਖੋਜ ਅਤੇ ਜਜ਼ਬੇ ਦੇ ਰਾਹ ਚੱਲਣਾ ਪੈਂਦਾ ਹੈ | ਅਖੀਰ 'ਚ ਸਰਬਜੀਤ ਸਿੰਘ ਮੱਲਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀ ਸਖ਼ਤ ਮਿਹਨਤ ਤੇ ਸੂਝ-ਬੂਝ ਨਾਲ ਹਰੀ ਸਿੰਘ ਨੇ ਬਹੁਤ ਵਧੀਆ ਇਤਿਹਾਸਿਕ ਨਾਵਲ ਲਿਖੇ ਹਨ | ਜਗਜੀਤ ਸਿੰਘ ਬੱਧਨੀ ਨੇ ਕਿਹਾ ਮੁੱਢ ਤੋਂ ਹੀ ਹਰੀ ਸਿੰਘ ਢੁੱਡੀਕੇ ਦੀ ਲੇਖਣੀ ਸਮਾਜ ਲਈ ਇਤਿਹਾਸਕ ਜਾਣਕਾਰੀ ਭਰਪੂਰ ਰਹੀ ਹੈ | ਸਰਬਜੀਤ ਸਿੰਘ ਮੱਲਾ ਨੇ ਹਰੀ ਸਿੰਘ ਨੂੰ ਇਸ ਨਾਵਲ ਲਿਖਣ ਲਈ ਵਧਾਈ ਦਿੱਤੀ | ਮੰਚ ਦੇ ਸਰਪ੍ਰਸਤ ਪਿ੍ੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਹਰੀ ਸਿੰਘ ਨੇ ਦੇਸ਼ ਭਗਤਾਂ, ਗ਼ਦਰੀ ਬਾਬਿਆਂ ਸਮੇਤ ਅਨੇਕਾਂ ਅਹਿਮ ਪਹਿਲੂਆਂ ਨੂੰ ਆਪਣੀ ਕਲਮ ਨਾਲ ਲਿਖ ਕੇ ਪਿੰਡ ਢੁੱਡੀਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਮੇਂ ਜਗਸੀਰ ਸ਼ਰਮਾ, ਜਗਜੀਵਨ ਸਿੰਘ, ਚਮਕੌਰ ਸਿੰਘ ਫ਼ੌਜੀ, ਬਿਨੇ ਸਿੰਘ ਮੱਲਾ, ਬਾਰਾ ਸਿੰਘ ਮੱਦੋਕੇ, ਵੀਰ ਚੰਦ, ਮਾਸਟਰ ਜੈਕਬ ਸਿੰਘ, ਬਲਦੇਵ ਸਿੰਘ, ਤਰਨਜੀਤਪਾਲ ਸਿੰਘ, ਜਸਵੀਰ ਸਿੰਘ ਕੋਚ, ਹਰਮੀਤ ਸਿੰਘ, ਨਵਜੀਤ ਸਿੰਘ ਆਦਿ ਹਾਜ਼ਰ ਸਨ ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਚਲਾਈ |