ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇਸਕੋਨ ਪ੍ਰਚਾਰ ਸੰਮਤੀ ਮੋਗਾ ਨੇ ਅੱਜ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ 1 ਜੁਲਾਈ ਨੂੰ ਹੋਣ ਵਾਲੀ ਪੰਜਵੀਂ ਭਗਵਾਨ ਜਗਨਨਾਥ ਰਥ ਯਾਤਰਾ ਲਈ ਸੱਦਾ ਪੱਤਰ ਸੌਂਪੇ | ਕਮੇਟੀ ਦੇ ਚੇਅਰਮੈਨ ਦੇਵ ਪਿ੍ਆ ਤਿਆਗੀ, ਪ੍ਰਧਾਨ ਨਵਦੀਪ ਗੁਪਤਾ, ਕੈਸ਼ੀਅਰ ਰਜਨੀਸ਼ ਕੁਮਾਰ ਅਤੇ ਪ੍ਰੋਜੈਕਟ ਡਾਇਰੈਕਟਰ ਵਿੱਕੀ ਮਹਿੰਦੀਰੱਤਾ ਨੇ ਇਹ ਸੱਦਾ ਪੱਤਰ ਸੀਨੀਅਰ ਭਾਜਪਾ ਨੇਤਾ ਸ਼ਮਸ਼ੇਰ ਸਿੰਘ ਕੈਲਾ, ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਚਿੰਤਪੁਰਨੀ ਧਰਮਸ਼ਾਲਾ ਕਲੱਬ ਦੇ ਪ੍ਰਧਾਨ ਮਨੋਜ ਗਰਗ, ਬੀ.ਆਰ. ਫ਼ੈਸ਼ਨ ਹਾਊਸ ਦੇ ਮੁਖੀ ਰਵਿੰਦਰ ਕੁਮਾਰ ਬਿੱਟਾ, ਸਮਾਜ ਸੇਵੀ ਸੁਭਾਸ਼ ਸਹਿਗਲ, ਯਸ਼ਪਾਲ ਸੈਣੀ, ਮਨੋਜ ਮਿਸ਼ਰਾ, ਵਿਜੇ ਅਰੋੜਾ, ਅਕਸ਼ਿਤ ਜੈਨ ਅਤੇ ਪਾਲ ਪੇਂਟ ਦੇ ਮਾਲਕ ਹਰਸ਼ ਬਾਂਸਲ ਨੂੰ ਸੌਂਪੇ | ਸ਼ਮਸ਼ੇਰ ਸਿੰਘ ਕੈਲਾ ਗ਼ਰੀਬਾਂ ਦੇ ਮਸੀਹਾ ਹਨ ਅਤੇ ਉੱਨਤ ਖੇਤੀਬਾੜੀ ਤਕਨੀਕਾਂ ਰਾਹੀਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ, ਜਦੋਂ ਕਿ ਡਾ. ਸੀਮਾਂਤ ਗਰਗ ਇਕ ਊਰਜਾਵਾਨ ਨੇਤਾ ਹਨ, ਜੋ ਡਾਕਟਰੀ ਸੇਵਾ ਅਤੇ ਰਾਜਨੀਤਕ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰ ਕੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੰਦੇ ਹਨ | ਇਸ ਦੇ ਨਾਲ ਰਵਿੰਦਰ ਕੁਮਾਰ ਬਿੱਟਾ ਬੀ.ਆਰ. ਫ਼ੈਸ਼ਨ ਹਾਊਸ ਦੇ ਮਾਲਕ ਨੇ ਵਪਾਰਕ ਜਗਤ ਵਿਚ ਇਕ ਵਿਸ਼ੇਸ਼ ਪਛਾਣ ਬਣਾਈ ਹੈ | ਸੁਭਾਸ਼ ਸਹਿਗਲ ਇਕ ਵਚਨਬੱਧ ਸਮਾਜ ਸੇਵੀ ਹੈ ਜੋ ਕਾਰੋਬਾਰ ਦੇ ਨਾਲ-ਨਾਲ ਸਮਾਜਿਕ ਉੱਨਤੀ ਵਿਚ ਲਗਾਤਾਰ ਸ਼ਾਮਿਲ ਰਹਿੰਦਾ ਹੈ | ਸੰਸਥਾ ਦੇ ਚੇਅਰਮੈਨ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਇਹ ਰਥ ਯਾਤਰਾ ਸ਼ਰਧਾਲੂਆਂ ਨੂੰ ਭੌਤਿਕ ਮੋਹ ਤੋਂ ਮੁਕਤੀ ਦਾ ਸੰਦੇਸ਼ ਦਿੰਦੀ ਹੈ | ਸੰਸਥਾ ਦੇ ਪ੍ਰਧਾਨ ਨਵਦੀਪ ਗੁਪਤਾ ਨੇ ਕਿਹਾ ਕਿ ਰਥ ਯਾਤਰਾ ਸਮਾਜਿਕ ਏਕਤਾ ਦਾ ਜਸ਼ਨ ਹੈ | ਰਜਨੀਸ਼ ਕੁਮਾਰ ਨੇ ਕਿਹਾ ਕਿ ਭਗਵਾਨ ਜਗਨਨਾਥ ਰਥ ਯਾਤਰਾ ਸ਼ਰਧਾ, ਸਮਰਪਣ ਅਤੇ ਭਾਈਚਾਰਕ ਸਦਭਾਵਨਾ ਦਾ ਜੀਵਤ ਪ੍ਰਤੀਕ ਹੈ | ਵਿੱਕੀ ਮਹਿੰਦੀਰੱਤਾ ਨੇ ਕਿਹਾ ਕਿ ਇਹ ਸਮਾਜ ਨੂੰ ਨਸ਼ਾ ਅਤੇ ਭੇਦ-ਭਾਵ ਵਰਗੀਆਂ ਬੁਰਾਈਆਂ ਤੋਂ ਮੁਕਤੀ ਦਾ ਰਸਤਾ ਦਿਖਾਉਂਦੀ ਹੈ | ਇਹ ਯਾਤਰਾ ਦੁਪਹਿਰ 3 ਵਜੇ ਥਾਣਾ ਸਿਟੀ ਪਾਰਕਿੰਗ ਤੋਂ ਸ਼ੁਰੂ ਹੋਵੇਗੀ ਅਤੇ ਗੀਤਾ ਭਵਨ ਚੌਕ ਤੱਕ ਜਾਵੇਗੀ |