ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਦੇ ਇਕ ਸ਼ਾਨਦਾਰ ਖਿਡਾਰੀ ਜਸਕਰਨਵੀਰ ਸਿੰਘ ਪਾਲ (ਜੇਵੀ) ਨੂੰ ਵੱਕਾਰੀ ਰਣਜੀ ਟਰਾਫ਼ੀ 2025-26 ਸੀਜ਼ਨ ਵਿਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ | ਜਸਕਰਨਵੀਰ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ, ਸਮਰਪਣ ਤੇ ਸਖ਼ਤ ਮਿਹਨਤ ਨੇ ਉਸ ਨੂੰ ਇਹ ਸ਼ਾਨਦਾਰ ਉਪਲਬਧੀ ਹਾਸਲ ਕਰਵਾਈ ਹੈ ਜਿਸ ਨਾਲ ਮੋਗਾ ਦੇ ਕ੍ਰਿਕਟ ਭਾਈਚਾਰੇ ਦਾ ਮਾਣ ਵਧਿਆ ਹੈ | ਜ਼ਿਲ੍ਹਾ ਪੱਧਰੀ ਕ੍ਰਿਕਟ ਤੋਂ ਲੈ ਕੇ ਸੂਬੇ ਦੇ ਸਿਖਰਲੇ ਪੱਧਰ ਦੇ ਮੁਕਾਬਲੇ ਤੱਕ ਦਾ ਉਸ ਦਾ ਸਫ਼ਰ ਪੰਜਾਬ ਭਰ ਦੇ ਨੌਜਵਾਨ ਤੇ ਉਭਰਦੇ ਕ੍ਰਿਕਟਰਾਂ ਲਈ ਇਕ ਪ੍ਰੇਰਨਾ ਸਰੋਤ ਹੈ | ਇਸ ਮੌਕੇ ਡਾ. ਸੰਜੀਵ ਸੈਣੀ ਸਰਪ੍ਰਸਤ ਡੀ.ਸੀ.ਏ. ਮੋਗਾ, ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ ਤੇ ਸਨੀ ਮਚੰਦਾ ਨੇ ਜਸਕਰਨਵੀਰ ਨੂੰ ਵਧਾਈ ਦਿੱਤੀ | ਕਮਲ ਅਰੋੜਾ ਅਪੈਕਸ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ, ਕੋਚ ਮਨਜੀਤ ਕੁਮਾਰ, ਬੇਅੰਤ ਸਿੰਘ ਢਿੱਲੋਂ, ਹਰਸ਼ਦੀਪ ਸਿੰਘ, ਕਪਿਲ ਦੇਵ ਤੇ ਹਰਸਿਮਰਨ ਸਿੰਘ ਨੇ ਡੀ.ਸੀ.ਏ. ਮੋਗਾ ਦੇ ਇਕ ਖਿਡਾਰੀ ਨੂੰ ਅਜਿਹੇ ਮਹੱਤਵਪੂਰਨ ਪੜਾਅ 'ਤੇ ਪਹੁੰਚਦਿਆਂ ਦੇਖ ਕੇ ਮਾਣ ਪ੍ਰਗਟ ਕੀਤਾ | ਸੀਨੀਅਰ ਕ੍ਰਿਕਟ ਕਲੱਬ ਮੋਗਾ ਦੇ ਮੈਂਬਰਾਂ ਰਾਕੇਸ਼ ਜਿੰਦਲ, ਵਿਨੈ ਗੁਪਤਾ, ਡਾ. ਸ਼ਮਸ਼ੇਰ ਸਿੰਘ ਸਿੱਧੂ, ਐਡਵੋਕੇਟ ਜਗਪ੍ਰੀਤ ਚੱਡਾ, ਹਰਵਿੰਦਰ ਕੁਮਾਰ, ਨਲਿਨ ਧੀਰ, ਐਡਵੋਕੇਟ ਅਮਿਤ ਮਿੱਤਲ, ਅਸ਼ੋਕ ਗੁਪਤਾ ਤੇ ਲਖਵੀਰ ਸਿੰਘ ਨੇ ਵੀ ਖਿਡਾਰੀ ਜੇਵੀ ਦੇ ਉੱਜਲ ਭਵਿੱਖ ਲਈ ਕਾਮਨਾ ਕੀਤੀ |