ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਲਈ ਮੋਗਾ ਨਗਰ ਨਿਗਮ 'ਚ ਫਾਇਰ ਬਿ੍ਗੇਡ ਨੂੰ ਦੋ ਨਵੀਆਂ ਗੱਡੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਅੱਜ ਨਗਰ ਨਿਗਮ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਦਾ ਪੰਜਾਬ ਸਰਕਾਰ ਵਲੋਂ ਮੋਗਾ ਨਗਰ ਨਿਗਮ ਨੂੰ ਤਿੰਨ ਫਾਇਰ ਬਿ੍ਗੇਡ ਗੱਡੀਆਂ, ਜਿਨ੍ਹਾਂ 'ਚ ਇਕ ਵੱਡਾ ਅਤੇ ਇਕ ਛੋਟਾ ਵਾਹਨ ਸ਼ਾਮਿਲ ਹੈ, ਪ੍ਰਦਾਨ ਕਰਨ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੁਰੱਖਿਆ ਕਿੱਟਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਕੋਲ ਪਹਿਲਾਂ ਹੀ ਪੰਜ ਵਾਹਨ ਸਨ ਅਤੇ ਹੁਣ ਇਹ ਗਿਣਤੀ ਵਧਾ ਕੇ ਸੱਤ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮੋਗਾ ਨਗਰ ਨਿਗਮ ਦੇ ਦੋ ਫਾਇਰ ਸਟੇਸ਼ਨ ਹਨ, ਇਕ ਨਗਰ ਨਿਗਮ ਮੋਗਾ ਵਿਖੇ ਅਤੇ ਦੂਜਾ ਬੱਸ ਸਟੈਂਡ ਅਤੇ ਫੋਕਲ ਪੁਆਇੰਟ ਦੇ ਨੇੜੇ, ਜੋ ਕਿਸੇ ਵੀ ਤਰ੍ਹਾਂ ਦੀ ਅੱਗ ਦਾ ਜਵਾਬ ਦੇਣ ਲਈ ਤਿਆਰ ਹਨ | ਉੁਨ੍ਹਾਂ ਕਿਹਾ ਕਿ ਦੀਵਾਲੀ ਅਤੇ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਅੱਗ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਮੋਗਾ ਵਿਚ ਚਾਰ ਫਾਇਰ ਸਟੇਸ਼ਨ ਸਥਾਪਿਤ ਕੀਤੇ ਗਏ ਹਨ | ਇਸ ਮੌਕੇ ਫਾਇਰ ਬਿ੍ਗੇਡ ਅਧਿਕਾਰੀ ਨੇ ਕਿਹਾ ਕਿ 19, 20 ਤੇ 21 ਅਕਤੂਬਰ ਨੂੰ ਵੀ 35-40 ਕਰਮਚਾਰੀ ਡਿਊਟੀ 'ਤੇ ਹੋਣਗੇ | ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਨਗਰ ਨਿਗਮ ਦੇ ਕੌਂਸਲਰ, ਫਾਇਰ ਬਿ੍ਗੇਡ ਅਧਿਕਾਰੀ, ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ |