ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸੂਬੇ ਦੀ ਰੈੱਡ ਕਰਾਸ ਸੁਸਾਇਟੀ ਦੀ ਸਾਲਾਨਾ ਮੀਟਿੰਗ ਪੰਜਾਬ ਰਾਜ ਭਵਨ ਵਿਚ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਤੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮਾਜਿਕ ਸੇਵਾ ਖੇਤਰ ਵਿਚ ਵਿਸ਼ੇਸ਼ ਯੋਗਦਾਨ ਵਾਲੇ ਵੱਖ-ਵੱਖ ਵਿਅਕਤੀਆਂ ਤੇ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਆਈ.ਟੀ.ਆਈ. ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਤੇ ਪਿ੍ੰਸੀਪਲ ਆਈ.ਟੀ.ਆਈ. ਮੋਗਾ ਕੁਲਵੰਤ ਸਿੰਘ ਨੂੰ ਵੀ ਉਨ੍ਹਾਂ ਦੇ ਉੱਦਮ, ਸੇਵਾ ਭਾਵਨਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਲਈ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸੂਬਾ ਰੈੱਡ ਕਰਾਸ ਦੇ ਪ੍ਰਧਾਨ ਅਤੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਪ੍ਰਦਾਨ ਕੀਤਾ ਗਿਆ | ਰੈੱਡ ਕਰਾਸ ਸੁਸਾਇਟੀ ਦੀ ਇਸ ਮੀਟਿੰਗ ਵਿਚ ਰੈਡ ਕਰਾਸ ਦੇ ਸੂਬਾ ਸਕੱਤਰ ਸ਼ਿਵ ਦੁਲਾਰ ਢਿੱਲੋਂ, ਹਤਿੰਦਰ ਕੌਰ ਸੂਬਾ ਮੀਤ ਪ੍ਰਧਾਨ, ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ, ਵੱਖ-ਵੱਖ ਜ਼ਿਲਿ੍ਹਆਂ ਦੇ ਵਿੱਦਿਆ ਤੇ ਤਕਨੀਕੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ | ਇਸ ਮੌਕੇ ਮਿਲੇ ਸਨਮਾਨ 'ਤੇ ਪਿ੍ੰਸੀਪਲ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਮਾਣ ਆਈ.ਟੀ.ਆਈ. ਮੋਗਾ ਦੇ ਪੂਰੇ ਸਟਾਫ਼ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ, ਜੋ ਭਵਿੱਖ ਵਿਚ ਹੋਰ ਜ਼ਿਆਦਾ ਸਮਾਜਿਕ ਸੇਵਾ ਅਤੇ ਮਨੁੱਖਤਾ ਦੇ ਕਾਰਜਾਂ ਵੱਲ ਉਤਸ਼ਾਹਿਤ ਕਰੇਗਾ |