05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਥਾਣਾ ਮੁਖੀ ਵਲੋਂ ਗਲਤ ਵਿਵਹਾਰ ਕਰਨ 'ਤੇ ਐਮ. ਸੀ. ਤੇ ਸਮਰਥਕਾਂ ਨੇ ਲਗਾਇਆ ਧਰਨਾ

ਅਜੀਤ ਡੈਸਕ 06-11-2025
ਫ਼ਰੀਦਕੋਟ, 5 ਨਵੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਿਟੀ ਕਤਵਾਲੀ ਦੇ ਬਾਹਰ ਨਗਰ ਕੌਂਸਲ ਦੇ ਇਕ ਕੌਂਸਲਰ ਵਲੋਂ ਆਪਣੇ ਸਮਰਥਕਾਂ ਸਮੇਤ ਐਸ.ਐਚ.ਓ ਦੇ ਖ਼ਿਲਾਫ਼ ਧਰਨਾ ਲਗਾਇਆ ਗਿਆ | ਐਮ.ਸੀ. ਵਲੋਂ ਐਸ.ਐਚ.ਓ 'ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਗਏ | ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਇਕ ਵਿਅਕਤੀ ਦੀ ਸਕੂਟਰੀ ਚੋਰੀ ਹੋਈ ਸੀ, ਜਿਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ, ਜਿਸ ਦੇ ਹੱਕ ਵਿਚ ਕੌਂਸਲਰ ਵਿਜੈ ਛਾਬੜਾ ਨੇ ਕੋਤਵਾਲੀ ਪੁੱਜ ਕੇ ਐਸ.ਐਚ.ਓ. ਨਾਲ ਗੱਲ ਕਰਨੀ ਚਾਹੀ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਐਸ.ਐਚ.ਓ. ਸੰਜੀਵ ਕੁਮਾਰ ਅਤੇ ਕੌਂਸਲਰ ਵਿਜੈ ਛਾਬੜਾ ਵਿਚਕਾਰ ਤਕਰਾਰ ਹੋ ਗਿਆ, ਇਸ ਦੌਰਾਨ ਐਸ.ਐਚ.ਓ. ਵਲੋਂ ਗਲਤ ਸ਼ਬਦ ਵਰਤੇ ਗਏ ਜਿਸ ਦੇ ਰੋਸ ਵਜੋਂ ਕੌਂਸਲਰ ਵਲੋਂ ਕੋਤਵਾਲੀ ਦੇ ਬਾਹਰ ਧਰਨਾ ਲਗਾ ਦਿੱਤਾ | ਜਿਥੇ ਦੇਖਦੇ ਹੀ ਦੇਖਦੇ ਕੌਂਸਲਰ ਦੇ ਹੱਕ 'ਚ ਸ਼ਹਿਰ ਵਾਸੀ ਧਰਨੇ 'ਚ ਸ਼ਾਮਿਲ ਹੋ ਗਏ | ਹਾਲਾਤ ਵਿਗੜਦੇ ਦੇਖ ਡੀ.ਐਸ.ਪੀ ਤਰਲੋਚਣ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਤੁਰੰਤ ਸਕੂਟਰੀ ਚੋਰੀ ਦਾ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਿਆਇਆ | ਇਸੇ ਦੌਰਾਨ ਐਸ.ਐਚ.ਓ. ਵਲੋਂ ਵੀ ਧਰਨੇ 'ਚ ਪੁਹੰਚ ਕੇ ਆਪਣੇ ਵਿਵਹਾਰ ਲਈ ਗ਼ਲਤੀ ਮੰਨੀ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਕੌਂਸਲਰ ਵਿਜੈ ਛਾਬੜਾ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੇ ਇਕ ਵਿਅਕਤੀ ਦੀ ਸਕੂਟਰੀ ਚੋਰੀ ਹੋ ਗਈ ਸੀ ਪਰ ਐਸ.ਐਚ.ਓ. ਵਲੋਂ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਰਹੀ ਸੀ, ਜਿਸ ਸਬੰਧੀ ਉਨ੍ਹਾਂ ਵਲੋਂ ਗੁੱਸੇ 'ਚ ਧਰਨਾ ਲਗਾਉਣ ਦੀ ਗੱਲ ਕਹੀ ਤਾਂ ਐਸ.ਐਚ.ਓ. ਵਲੋਂ ਉਸ ਦੇ ਖ਼ਿਲਾਫ਼ ਹੀ ਮਾਮਲਾ ਦਰਜ ਕਰਨ ਦੀ ਧਮਕੀ ਦੇ ਦਿੱਤੀ ਤੇ ਉਨ੍ਹਾਂ ਨੂੰ ਇਹ ਧਰਨਾ ਦੇਣਾ ਪਿਆ | ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦਾ ਕੌਂਸਲਰ ਹੋਣ ਦੇ ਬਾਵਜੂਦ ਪਾਰਟੀ ਦਾ ਇਕ ਵੀ ਵਰਕਰ ਉਨ੍ਹਾਂ ਦੇ ਹੱਕ 'ਚ ਨਾ ਪੁੱਜਣ 'ਤੇ ਉਹ ਪਾਰਟੀ ਤੋਂ ਨਿਰਾਸ਼ ਨਜ਼ਰ ਆਏ ਜਦਕਿ ਦੂਜੀਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਨ੍ਹਾਂ ਦੇ ਹੱਕ 'ਚ ਆ ਖੜੇ੍ਹ ਹੋਏ | ਉਨ੍ਹਾਂ ਧਰਨੇ 'ਚ ਹੀ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ | ਇਸ ਮੌਕੇ ਡੀ.ਐਸ.ਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਕਿਸੇ ਕਾਰਨ ਸਕੂਟਰੀ ਚੋਰੀ ਦੀ ਸ਼ਿਕਾਇਤ ਦਰਜ ਕਰਨ 'ਚ ਦੇਰੀ ਹੋਈ ਸੀ ਪਰ ਮਾਮਲਾ ਸੁਲਝ ਗਿਆ ਹੈ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ 'ਤੇ ਸਪੀਕਰ ਸੰਧਵਾਂ ਨੇ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਸਹਾਇਕ ਥਾਣੇਦਾਰ ਅਮਨ ਕੁਮਾਰ ਨੇ ਖੇਡ ਮੈਦਾਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।