05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਉਲੀ ਸਾਹਿਬ ਦਾ ਇਜਲਾਸ ਹੋਇਆ

ਅਟਾਰੀ (ਅੰਮ੍ਰਿਤਸਰ), 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਜੋਨ...

ਅਜੀਤ ਡੈਸਕ 05-10-2026

ਅਟਾਰੀ (ਅੰਮ੍ਰਿਤਸਰ), 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਜੋਨ ਬਾਉਲੀ ਸਾਹਿਬ ਦਾ ਇਜਲਾਸ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਇਆ। ਇਜਲਾਸ ਵਿਚ ਜੋਨ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਲਗਭਗ 50 ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਜੋਨ ਦੀ ਕੋਰ ਕਮੇਟੀ ਦੀ ਚੋਣ ਕੀਤੀ ਗਈ।

ਚੁਣੀ ਗਈ ਕੋਰ ਕਮੇਟੀ ਵਿਚ ਕੁਲਵੰਤ ਸਿੰਘ ਰਾਜਾਤਾਲ ਨੂੰ ਜੋਨ ਪ੍ਰਧਾਨ, ਗੁਰਤੇਜ ਸਿੰਘ ਜਠੌਲ ਨੂੰ ਕਾਰਜਕਾਰੀ ਪ੍ਰਧਾਨ, ਸੁਖਵਿੰਦਰ ਸਿੰਘ ਲੱਧੇਵਾਲ ਨੂੰ ਜੋਨ ਸਕੱਤਰ, ਕਾਬਲ ਸਿੰਘ ਮੁਹਾਵਾ ਨੂੰ ਸੀਨੀਅਰ ਮੀਤ ਪ੍ਰਧਾਨ, ਜੋਗਾ ਸਿੰਘ ਖਾਰੇ ਨੂੰ ਮੀਤ ਪ੍ਰਧਾਨ, ਸੁਖਦੇਵ ਸਿੰਘ ਹਵੇਲੀਆਂ ਖ਼ਜ਼ਾਨਚੀ, ਸਹਾਇਕ ਜ਼ਿੰਮੇਵਾਰੀ ਬਲਜੀਤ ਸਿੰਘ ਬਾਗੜੀਆਂ ਨੂੰ ਸਲਾਹਕਾਰ ਚੁਣਿਆ ਗਿਆ। ਇਜਲਾਸ ਦੀ ਕਾਰਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਅਤੇ ਜ਼ਿਲ੍ਹਾ ਆਗੂਆਂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ ਅਤੇ ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਵਿਚ ਕੀਤੀ ਗਈ।

ਇਸ ਮੌਕੇ ਜੋਨ ਵਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੀ ਕਾਰਜਕਾਰੀ ਰਿਪੋਰਟ ਪੇਸ਼ ਕੀਤੀ ਗਈ। ਇਸ ਸਮੇਂ ਦੌਰਾਨ ਰਹਿ ਗਈਆਂ ਘਾਟਾਂ ਅਤੇ ਕਮਜ਼ੋਰੀਆਂ ਦਾ ਵੀ ਵਿਸਥਾਰ ਨਾਲ ਰਿਵਿਊ ਕੀਤਾ ਗਿਆ। ਇਜਲਾਸ ਵਿਚ ਆਉਣ ਵਾਲੇ ਸਮੇਂ ਦੌਰਾਨ ਜੋਨ ਦੀਆਂ ਘਾਟਾਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਜੋਨ ਨੂੰ ਮੋਹਰੀਆਂ ਸਫ਼ਾਂ ਵਿਚ ਲਿਜਾਣ ਦਾ ਅਹਿਦ ਕੀਤਾ ਗਿਆ।

ਇਜਲਾਸ ਵਿਚ ਆਉਣ ਵਾਲੇ ਸਮੇਂ ਦੇ ਮੋਰਚਿਆਂ ਦੀਆਂ ਤਿਆਰੀਆਂ ਕਰਨ, ਪਿੰਡਾਂ ਵਿਚ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਉਣ, 11 ਮੈਂਬਰੀਆਂ ਦੀਆਂ ਮੀਟਿੰਗਾਂ ਕਰਵਾਉਣ ਅਤੇ ਹੋਰ ਜਥੇਬੰਦਕ ਕਾਰਜਾਂ ਸਬੰਧੀ ਮਤੇ ਪਾਸ ਕੀਤੇ ਗਏ। ਇਜਲਾਸ ਦੌਰਾਨ ਕਿਹਾ ਗਿਆ ਕਿ ਕਿਸਾਨ ਮਜ਼ਦੂਰ ਮੋਰਚੇ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਸਮੇਂ ਤੱਕ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 17 ਅਕਤੂਬਰ ਨੂੰ ਵੱਡਾ ਐਲਾਨ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਮੋਰਚੇ ਵਲੋਂ ਜੋ ਵੀ ਅਗਲਾ ਮੋਰਚਾ ਐਲਾਨਿਆ ਜਾਵੇਗਾ, ਜੋਨ ਬਾਉਲੀ ਸਾਹਿਬ ਉਸ ਦੀ ਪੂਰੀ ਤਿਆਰੀ ਵਿਚ ਡਟ ਕੇ ਯੋਗਦਾਨ ਪਾਵੇਗਾ।

ਅੱਜ ਦੇ ਇਜਲਾਸ ਵਿਚ ਖਾਰੇ, ਹਵੇਲੀਆਂ, ਲੱਧੇਵਾਲ, ਚੀਚਾ, ਕੱਲੇਵਾਲ, ਜਠੌਲ, ਭਰੋਭਾਲ, ਰਾਜਾਤਾਲ, ਮਹਾਵਾ, ਗਲੂਵਾਲ, ਬਾਗੜੀਆਂ, ਢੋਡੀਵਿੰਡ ਅਤੇ ਰਣੀਕੇ ਸਮੇਤ ਵੱਖ-ਵੱਖ ਪਿੰਡਾਂ ਦੇ ਡੈਲੀਗੇਟ ਹਾਜ਼ਰ ਸਨ। ਪਰਮਿੰਦਰ ਸਿੰਘ ਨੱਥੂਪੁਰ, ਸਵਰਨ ਸਿੰਘ ਰਣੀਕੇ, ਚਰਨਜੀਤ ਸਿੰਘ ਕੱਲੇਵਾਲ, ਬੀਰ ਸਿੰਘ ਖਾਰੇ, ਬਲਬੀਰ ਸਿੰਘ ਮਹਾਵਾ, ਬਲਦੇਵ ਸਿੰਘ ਗੱਲੂਵਾਲ, ਗੁਰਵਿੰਦਰ ਸਿੰਘ ਭਰੋਪਾਲ, ਭਗਵੰਤ ਸਿੰਘ ਰਾਜਾਤਾਲ, ਹਰਜੀਤ ਸਿੰਘ ਚੀਚਾ , ਕੁਲਵੰਤ ਸਿੰਘ ਹਵੇਲੀਆਂ, ਸ਼ਰਨਜੀਤ ਸਿੰਘ ਢੋਡੀਵਿੰਡ ਅਤੇ ਨਿਰਵੈਰ ਸਿੰਘ ਜਠੌਲ ਆਦਿ ਆਗੂ ਹਾਜ਼ਰ ਹੋਏ।
 

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿੜਕੀਆਂ ਵਾਲਾ ਵਿਖੇ ਪਤੀ ਵਲੋਂ ਪਤਨੀ ਦੀ ਗਲਾ ਘੁੱਟ ਕੇ ਹੱਤਿਆ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਅਤੇ ਜਥੇਦਾਰ ਗੜਗੱਜ ਵਲੋਂ ਦੁੱਖ ਪ੍...