21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬੇਅਦਬੀ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਲੀ ਕਮੇਟੀ ਦੇ ਦੋ ਮੈਂਬਰਾਂ ’ਤੇ ਧਾਰਮਿਕ ਤੇ ਪੰਥਕ ਗਤੀਵਿਧੀਆਂ ’ਚ ਸ਼ਮੂਲੀਅਤ ’ਤੇ ਰੋਕ

ਅੰਮ੍ਰਿਤਸਰ, 21 ਨਵੰਬਰ (ਜਸਵੰਤ ਸਿੰਘ ਜੱਸ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ, ਤਿਲਕ ਨਗਰ, ਨਵੀਂ ਦਿੱਲੀ ਵਿਖੇ ਬੀਤੇ...

ਅਜੀਤ ਡੈਸਕ 21-11-2026

ਅੰਮ੍ਰਿਤਸਰ, 21 ਨਵੰਬਰ (ਜਸਵੰਤ ਸਿੰਘ ਜੱਸ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ, ਤਿਲਕ ਨਗਰ, ਨਵੀਂ ਦਿੱਲੀ ਵਿਖੇ ਬੀਤੇ ਦਿਨੀਂ 15 ਨਵੰਬਰ ਨੂੰ ਇਕ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਸ. ਰਮਿੰਦਰ ਸਿੰਘ ਅਤੇ ਬੀਬੀ ਰਣਜੀਤ ਕੌਰ ਉੱਤੇ ਜਦੋਂ ਤੱਕ ਇਸ ਮਾਮਲੇ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਫੈਸਲਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸੇ ਵੀ ਧਾਰਮਿਕ ਅਤੇ ਪੰਥਕ ਗਤੀਵਿਧੀ ਵਿੱਚ ਸ਼ਮੂਲੀਅਤ ਕਰਨ ਤੋਂ ਰੋਕ ਲਗਾਉਣ ਦਾ ਆਦੇਸ਼ ਕੀਤਾ ਹੈ।

ਇਸੇ ਤਰ੍ਹਾਂ ਸਬੰਧਤ ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸ. ਪ੍ਰੇਮ ਸਿੰਘ, ਸ. ਮਨਮੋਹਨ ਸਿੰਘ, ਸ. ਸਰੂਪ ਸਿੰਘ, ਸ. ਹਰਬੀਰ ਸਿੰਘ ਅਤੇ ਸ. ਸੁਖਦੇਵ ਸਿੰਘ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣ ਤੋਂ ਅਯੋਗ ਕਰਾਰ ਦਿੰਦਿਆਂ ਆਦੇਸ਼ ਕੀਤਾ ਗਿਆ ਹੈ ਇਹ ਅਗਾਂਹ ਤੋਂ ਗੁਰੂ ਘਰ ਵਿਖੇ ਕਿਸੇ ਵੀ ਅਹੁਦੇ ਪੁਰ ਸੇਵਾਵਾਂ ਨਹੀਂ ਕਰ ਸਕਦੇ।

ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਦੋਵੇਂ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਹੋਏ ਆਦੇਸ਼ ਅਨੁਸਾਰ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖਣ ਲਈ ਪੁੱਜੇ ਸਨ, ਜਿੱਥੇ ਸਿੰਘ ਸਾਹਿਬ ਜੀ ਨੇ ਲੰਮਾ ਸਮਾਂ ਸ਼ਿਕਾਇਤਕਰਤਾ ਅਤੇ ਪ੍ਰਬੰਧਕਾਂ ਦਾ ਪੱਖ ਸੁਣਿਆ, ਸਪੱਸ਼ਟੀਕਰਨ ਹਾਸਲ ਕੀਤੇ ਅਤੇ ਮਾਮਲੇ ਸਬੰਧੀ ਤੱਥਾਂ ਦੀ ਡੂੰਘਾਈ ਨਾਲ ਘੋਖ ਕੀਤੀ ਜਿਸ ਤੋਂ ਸਬੰਧਤਾਂ ਦੀ ਗੰਭੀਰ ਅਣਗਹਿਲੀਆਂ ਅਤੇ ਗਲਤੀਆਂ ਸਾਹਮਣੇ ਆਈਆਂ।

ਇਸ ਮਾਮਲੇ ਵਿਚ ਹਰ ਪੱਖ ਤੋਂ ਘੋਖ-ਪੜਤਾਲ ਕਰਨ ਅਤੇ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਬਣਾਉਣ ਲਈ ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਇੰਚਾਰਜ ਧਾਰਮਿਕ ਪੜਤਾਲਾਂ ਅਤੇ ਸ. ਭੋਲਾ ਸਿੰਘ ਇੰਚਾਰਜ ਉਪ-ਦਫ਼ਤਰ, ਤਲਵੰਡੀ ਸਾਬੋ ਅਧਾਰਤ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ 2 ਦਸੰਬਰ 2026 ਤੱਕ ਇਸ ਮਾਮਲੇ ਦੀ ਸਮੁੱਚੀ ਰਿਪੋਰਟ ਭੇਜੇਗੀ। ਇਹ ਕਮੇਟੀ ਬੇਅਦਬੀ ਸਬੰਧੀ ਘਟਨਾ ਦੀ ਮਿਤੀ 15 ਤੋਂ 17 ਨਵੰਬਰ 2026 ਤੱਕ ਦੀ ਸੀਸੀਟੀਵੀ ਫੁਟੇਜ ਵੀ ਰਿਪੋਰਟ ਨਾਲ ਸ਼ਾਮਲ ਕਰੇਗੀ।

ਪਿਛਲੀ ਖ਼ਬਰ ਕੇ.ਐਲ. ਰਾਹੁਲ ਨੇ ਬਦਲਿਆ ਬੱਲੇਬਾਜ਼ੀ ਦਾ ਅੰਦਾਜ਼, ਨਿਊਜ਼ੀਲੈਂਡ ਖ਼ਿਲਾਫ਼ ਜੜਿਆ ਸ਼ਾਨਦਾਰ ਸੈਂਕੜਾ ਅਗਲੀ ਖ਼ਬਰ 23 ਨਵੰਬਰ ਨੂੰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅੰਦਰ ਛੁੱਟੀ ਨਾ ਕੀਤੇ ਜਾਣ 'ਤੇ ਸੰਗਤਾਂ ਵਿਚ ਭਾਰੀ ਰੋਸ