ਬਾਘਾ ਪੁਰਾਣਾ, 24 ਨਵੰਬਰ (ਟਿੰਕੂ ਕਾਠਪਾਲ)-ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਸਮਰਥਕਾਂ 'ਚ ਨਵੀਂ ਉਮੀਦ ਤੇ ਜੋਸ਼ ਭਰ ਦਿੱਤਾ ਹੈ | ਪਾਰਟੀ ਆਗੂ ਪ੍ਰਧਾਨ ਹਰਪ੍ਰੀਤ ਸਿੰਘ ਕਾਲੇਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਮਿਲਿਆ ਵੱਡਾ ਵੋਟ ਬੈਂਕ ਇਹ ਸਾਬਤ ਕਰਦਾ ਹੈ ਕਿ ਤਰਨ ਤਾਰਨ ਦੇ ਲੋਕ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੀ ਆਪਣਾ ਅਸਲੀ ਰਾਜਨੀਤਿਕ ਵਿਕਲਪ ਮੰਨਦੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਾਲ ਹੀ ਦੇ ਹੜ੍ਹਾਂ ਦੌਰਾਨ ਜੋ ਮਨੁੱਖਤਾ-ਪੂਰਨ ਤੇ ਨਿਸ਼ਕਾਮ ਲੋਕ ਸੇਵਾ ਕੀਤੀ ਗਈ, ਉਸ ਨੇ ਪਾਰਟੀ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ ਹੈ | ਸੁਖਬੀਰ ਸਿੰਘ ਬਾਦਲ ਨੇ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਮਦਦ ਲਈ ਜਿਹੜਾ ਮਿਸਾਲੀ ਕੰਮ ਕੀਤਾ, ਉਸ ਨਾਲ ਲੋਕਾਂ ਦੇ ਦਿਲ ਜਿੱਤੇ ਹਨ ਤੇ ਉਨ੍ਹਾਂ ਕਦੇ ਨਹੀਂ ਵੇਖਿਆ ਕਿ ਕਿਹੜਾ ਇਲਾਕਾ ਕਿਸ ਪਾਰਟੀ ਦਾ ਹੈ, ਜਿੱਥੇ ਵੀ ਲੋਕ ਮੁਸੀਬਤ ਵਿਚ ਸਨ, ਉਹ ਆਪਣੇ ਵਰਕਰਾਂ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ 'ਚ ਇਹ ਸੇਵਾ ਭਾਵਨਾ ਸਪੱਸ਼ਟ ਤੌਰ 'ਤੇ ਨਜ਼ਰ ਆਈ, ਜਿਸ ਕਾਰਨ ਲੋਕਾਂ ਨੇ ਅਕਾਲੀ ਦਲ ਨੂੰ ਵੱਡੇ ਪੱਧਰ 'ਤੇ ਸਮਰਥਨ ਦਿੱਤਾ | ਹਰਪ੍ਰੀਤ ਸਿੰਘ ਕਾਲੇਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਖੇਤਰੀ ਪਾਰਟੀ ਹੈ, ਜੋ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਹੈ ਤੇ ਪੰਜਾਬ ਵਾਸੀਆਂ ਦੀ ਧੜਕਣ ਨੂੰ ਸਮਝਦੀ ਹੈ | ਉਨ੍ਹਾਂ ਅੰਤ 'ਚ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੀ ਸ਼ਾਂਤੀ, ਭਾਈਚਾਰੇ ਤੇ ਵਿਕਾਸ ਲਈ ਕਟੱਬੱਧ ਰਹੇਗਾ ਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦਾ ਰਹੇਗਾ |