ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਜੂਨੀਅਰ ਚੋਣ ਕਮੇਟੀ ਨੇ ਵਿਜੇ ਮਰਚੈਂਟ ਟਰਾਫ਼ੀ 2025-26 ਲਈ ਪੰਜਾਬ ਅੰਡਰ-16 ਟੀਮ ਦਾ ਐਲਾਨ ਕਰਦਿਆਂ ਮੋਗਾ ਜ਼ਿਲ੍ਹੇ ਦੇ ਦੋ ਹੋਣਹਾਰ ਖਿਡਾਰੀਆਂ ਜਪਨੀਤ ਗਿੱਲ ਅਤੇ ਗੇਵਿਨ ਕੋਹਲੀ ਨੂੰ ਰਾਜ ਟੀਮ ਵਿਚ ਸ਼ਾਮਿਲ ਕੀਤਾ ਹੈ | ਗੱਲਬਾਤ ਕਰਦਿਆਂ ਕਮਲ ਅਰੋੜਾ ਅਪੈਕਸ ਮੈਂਬਰ ਮੋਹਾਲੀ ਨੇ ਦੱਸਿਆ ਦੋਵੇਂ ਨੌਜਵਾਨ ਖਿਡਾਰੀਆਂ ਨੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਚੋਣਕਾਰਾਂ ਦਾ ਧਿਆਨ ਖਿੱਚਿਆ ਹੈ, ਜਿਸ ਤੋਂ ਬਾਅਦ ਇਹ ਮੌਕਾ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ | ਵਿਜੇ ਮਰਚੈਂਟ ਟਰਾਫ਼ੀ ਦਾ ਇਹ ਸੀਜ਼ਨ 7 ਦਸੰਬਰ 2025 ਤੋਂ ਗਵਾਲੀਅਰ ਵਿਚ ਸ਼ੁਰੂ ਹੋਵੇਗਾ, ਜਦ ਕਿ ਪੰਜਾਬ ਟੀਮ 4 ਦਸੰਬਰ ਨੂੰ ਮੋਹਾਲੀ ਤੋਂ ਰਵਾਨਾ ਹੋਵੇਗੀ | ਪੀ.ਸੀ.ਏ. ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦੋਵੇਂ ਖਿਡਾਰੀਆਂ ਨੂੰ ਆਈ.ਐਸ. ਬਿੰਦਰਾ ਕਿ੍ਕਟ ਸਟੇਡੀਅਮ ਮੋਹਾਲੀ ਵਿਚ ਹੈੱਡ ਕੋਚ ਅੰਕੁਰ ਕੱਕੜ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਟੂਰਨਾਮੈਂਟ ਤੋਂ ਪਹਿਲਾਂ ਤਿਆਰੀਆਂ ਅਤੇ ਟੀਮ ਮੀਟਿੰਗ ਵਿਚ ਸ਼ਿਰਕਤ ਕੀਤੀ ਜਾ ਸਕੇ | ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਪੈਟਰਨ ਡੀ.ਸੀ.ਏ. ਮੋਗਾ, ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਚੇਅਰਮੈਨ ਆਰ.ਕੇ. ਜਿੰਦਲ, ਪ੍ਰਧਾਨ ਵਿਨੈ ਗੁਪਤਾ, ਸਕੱਤਰ ਡਾ. ਸ਼ਮਸ਼ੇਰ ਸਿੰਘ ਸਿੱਧੂ, ਹਰਵਿੰਦਰ ਕੁਮਾਰ ਲਾਲਾ, ਐਡਵੋਕੇਟ ਜਗਪ੍ਰੀਤ ਸਿੰਘ ਚੱਢਾ, ਲਖਵੀਰ ਸਿੰਘ ਵਲੋਂ ਖਿਡਾਰੀਆਂ ਨੂੰ ਵਧਾਈਆਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਕੋਚ ਮਨਜੀਤ ਕੁਮਾਰ, ਬੇਅੰਤ ਸਿੰਘ ਢਿੱਲੋਂ, ਹਰਸ਼ਦੀਪ ਸਿੰਘ, ਕਪਿਲ ਦੇਵ ਅਤੇ ਹਰਸਿਮਰਨ ਸਿੰਘ ਨੇ ਵੀ ਆਪਣੀ ਹਾਜ਼ਰੀ ਭਰ ਕੇ ਖਿਡਾਰੀਆਂ ਦਾ ਹੌਸਲਾ-ਅਫ਼ਜ਼ਾਈ ਕੀਤੀ |