ਸੰਗਰੂਰ, 18 ਜੂਨ (ਧੀਰਜ ਪਸ਼ੋਰੀਆ) - ਕੁੱਝ ਸਾਲ ਪਹਿਲਾਂ ਹੀ ਪੰਜਾਬ ਵਿਚ ਆਇਲੈਂਟਸ ਸੈਂਟਰ ਧੜਾਧੜ ਖੁੱਲ੍ਹ ਰਹੇ ਸਨ | ਸ਼ਹਿਰਾਂ ਕਸਬਿਆਂ ਦਾ ਸ਼ਾਇਦ ਹੀ ਕੋਈ ਮੋੜ ਬਚਿਆ ਹੋਵੇ, ਜਿੱਥੇ ਇਹ ਆਇਲੈਂਟਸ ਸੈਂਟਰ ਨਾ ਖੁੱਲੇ੍ਹ ਹੋਣ | ਕੌਮੀ ਅਤੇ ਰਾਜ ਮਾਰਗਾਂ 'ਤੇ ਅਜਿਹੇ ਅਨੇਕਾਂ ਪੋਲ ਦੇਖਣ ਨੂੰ ਮਿਲਦੇ ਸਨ ਜਿੱਥੇ ਆਇਲੈਂਟਸ ਕਰਵਾ ਕੇ ਬਾਹਰਲੇ ਦੇਸ਼ ਭੇਜਣ ਦੀਆ ਮਸ਼ਹੂਰੀਆਂ ਹੁੰਦੀਆਂ ਸਨ, ਫਿਰ ਤਾਂ ਇਨ੍ਹਾਂ ਵਲੋਂ ਰੱਖੀਆਂ ਲੜਕੀਆਂ ਲੋਕਾਂ ਦੇ ਘਰਾਂ ਵਿਚ ਫਾਸਟ ਫੂਡ ਕੰਪਨੀਆਂ ਵਾਂਗ ਫ਼ੋਨ 'ਤੇ ਘੰਟੀਆਂ ਮਾਰਨ ਲੱਗ ਪਈਆਂ ਸਨ | ਪੈਦਾ ਹੋਏ ਇਸ ਮਾਹੌਲ ਵਿਚ ਜ਼ਿਆਦਾ ਨੌਜਵਾਨ ਲੜਕੇ ਲੜਕੀਆਂ ਵਿਦੇਸ਼ ਜਾਣ ਦੇ ਸੁਪਨੇ ਲੈਣ ਲੱਗ ਪਏ | ਵਿੱਦਿਅਕ ਕਾਲਜ ਵੀਰਾਨ ਹੋਣ ਲੱਗੇ ਪਏ ਸਨ | ਬੱਸ ਸਟੈਡਾਂ 'ਤੇ ਬੱਸਾਂ ਤੋਂ ਉੱਤਰਦੇ ਲੜਕੇ ਲੜਕੀਆਂ ਦੀਆਂ ਕਤਾਰਾਂ ਇਨ੍ਹਾਂ ਆਇਲੈਂਟਸ ਸੈਂਟਰਾਂ ਵੱਲ ਜਾਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ | ਹਰ ਇੱਕ ਜਹਾਜ਼ ਦੀ ਤਾਕੀ ਖ਼ੋਲ ਕੇ ਚੜ੍ਹਨ ਦੀ ਕਾਹਲ ਵਿਚ ਸੀ ਬੇਸ਼ੱਕ ਇਸ ਲਈ ਕਰਜ਼ਾ ਚੁੱਕਣਾ ਪਵੇ, ਬੇਸ਼ੱਕ ਜਾਇਦਾਦ ਵੇਚਣੀ ਪਵੇ | ਮਾਂ-ਬਾਪ ਆਪਣੀ ਸਾਰੀ ਉਮਰ ਦੀ ਕਮਾਈ ਬੱਚਿਆ ਨੂੰ ਬਾਹਰ ਭੇਜਣ ਤੇ ਲਾ ਰਹੇ ਸਨ, ਇਸ ਵਰਤਾਰੇ ਵਿਚ ਕਈ ਤਾਂ ਠੱਗੀ ਦਾ ਸ਼ਿਕਾਰ ਵੀ ਹੋਏ | ਹੁਣ ਬਦਲਦੇ ਮਾਹੌਲ ਵਿਚ ਕੈਨੇਡਾ, ਆਸਟੇ੍ਰਲੀਆ ਦੇ ਵੀਜ਼ਾ ਮਿਲਣੇ ਮੁਸ਼ਕਲ ਹੋ ਗਏ ਹਨ, ਉੱਥੋਂ ਰੁਜ਼ਗਾਰ ਦੇ ਮੌਕੇ ਵੀ ਘਟਣ ਲੱਗੇ ਹਨ | ਪੜ੍ਹਾਈ ਦੀਆਂ ਫ਼ੀਸਾਂ 'ਚ 5-5 ਲੱਖ ਰੁਪਏ ਦਾ ਵਾਧਾ ਹੋ ਗਿਆ ਹੈ | ਨਤੀਜਣ ਧੜਾਧੜ ਖੁੱਲੇ੍ਹ ਆਇਲੈਂਟਸ ਸੈਂਟਰ ਹੁਣ ਧੜਾਧੜ ਬੰਦਾ ਹੋ ਰਹੇ ਹਨ ਅਤੇ ਵੱਡੀਆਂ ਵੱਡੀਆਂ ਇਮਾਰਤਾਂ ਨੂੰ ਤਾਲੇ ਲੱਗਣੇ ਸ਼ੁਰੂ ਹੋ ਗਏ ਹਨ |