ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਮੁੱਖ ਖੇਤੀਬਾੜੀ ਅਫ਼ਸਰ ਡਾ: ਜਗਸੀਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਵਲੋਂ ਪਿੰਡ ਕੁਰੜ ਵਿਚ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਪੱਧਰ 'ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਅਮਨਦੀਪ ਕੌਰ ਸਹਾਇਕ ਪ੍ਰੋਫੈਸਰ, ਫਾਰਮ ਸਲਾਹਕਾਰ ਕੇਂਦਰ, ਬਰਨਾਲਾ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਤੇ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸ੍ਰੀ ਸਨਵਿੰਦਰਪਾਲ ਸਿੰਘ ਬਰਾੜ ਬਲਾਕ ਤਕਨੀਕੀ ਮੈਨੇਜਰ ਮਹਿਲ ਕਲਾਂ ਨੇ ਕਿਸਾਨਾਂ ਨੂੰ ਦਾਲਾਂ ਦੀ ਪ੍ਰੋਸੈਸਿੰਗ ਕਰਨ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਕਿਸਾਨਾਂ ਨੂੰ ਘਰ ਵਿਚ ਵਰਤੇ ਜਾਣ ਵਾਲੇ ਖਾਣ ਵਾਲੀਆਂ ਵਸਤੂਆਂ ਆਪਣੇ ਹੀ ਖੇਤਾਂ ਵਿਚ ਜੈਵਿਕ ਖੇਤੀ ਰਾਹੀਂ ਪੈਦਾ ਕਰਨ ਲਈ ਪ੍ਰੇਰਿਆ | ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਖੇਤੀਬਾੜੀ-ਸਹਾਇਕ ਧੰਦੇ ਜਿਵੇਂ ਕਿ ਬੱਕਰੀ-ਪਾਲਣ, ਡੇਅਰੀ-ਪਾਲਣ, ਅਪਣਾਉਣ ਲਈ ਜਾਣਕਾਰੀ ਦਿੱਤੀ | ਹਰਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪੋਰਟਲ ਜਾਰੀ ਕੀਤਾ ਗਿਆ ਹੈ, ਇਸ ਵਿਚ ਕਿਸਾਨ ਆਪਣੀ ਡਿਟੇਲ ਰਜਿਸਟਰ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਦਾ ਸਾਥ ਦੇਣ | ਇਸ ਮੌਕੇ ਸ੍ਰੀ ਕੁਲਵੀਰ ਸਿੰਘ ਮਾਨ ਏ.ਟੀ.ਐਮ. ਨੇ ਕਿਸਾਨਾਂ ਨੂੰ ਆਤਮਾ ਪ੍ਰੋਜੈਕਟ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ | ਇਸ ਦੌਰਾਨ ਸ੍ਰੀ ਹਰਪਿੰਦਰ ਸਿੰਘ ਸੈਕਟਰੀ, ਸ੍ਰੀ ਕੁਲਦੀਪ ਸਿੰਘ ਬੇਲਦਾਰ ਤੋਂ ਇਲਾਵਾ ਕਿਸਾਨ ਸੁਖਵੀਰ ਸਿੰਘ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ |