•ਕਿਰਚ ਦਿਖਾ ਕੇ ਦੁਕਾਨਦਾਰ ਤੋਂ ਪੈਸੇ ਲੁੱਟਣ ਦੀ ਕੋਸ਼ਿਸ਼
ਅਮਰਗੜ੍ਹ, 19 ਜੂਨ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਇਲਾਕੇ 'ਚ ਬੇਖ਼ੌਫ ਲੁਟੇਰਿਆਂ ਤੇ ਚੋਰਾਂ ਦੀ ਦਹਿਸ਼ਤ ਕਾਰਨ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਆਏ ਦਿਨ ਕੁਝ ਨਸ਼ੇੜੀ ਕਿਸਮ ਦੇ ਵਿਅਕਤੀ ਆਪਣੇ ਨਸ਼ੇ ਦੀ ਪੂਰਤੀ ਖ਼ਾਤਰ ਅਜਿਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਬੇਖ਼ੌਫ ਅੰਜਾਮ ਦੇ ਰਹੇ ਹਨ | ਤਾਜ਼ਾ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਅਮਰਗੜ੍ਹ ਦੇ ਮੁੱਖ ਬਾਜ਼ਾਰ 'ਚ ਦਿਨ-ਦਿਹਾੜੇ ਇੱਕ ਲੁਟੇਰੇ ਨੇ ਕਿਰਚ ਦਿਖਾ ਕੇ ਲੁੱਟ ਦੀ ਸਨਸਨੀਖ਼ੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹਾਲਾਂਕਿ ਦੁਕਾਨਦਾਰ ਦੀ ਦਲੇਰੀ ਨੂੰ ਦੇਖ ਲੁਟੇਰਾ ਉੱਥੋਂ ਭੱਜਣ ਲਈ ਮਜਬੂਰ ਹੋ ਗਿਆ | ਦੁਕਾਨਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ 18 ਜੂਨ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਇੱਕ ਵਿਅਕਤੀ, ਜਿਸ ਦਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ, ਸਮਾਨ ਖ਼ਰੀਦਣ ਦੇ ਬਹਾਨੇ ਦੁਕਾਨ 'ਚ ਦਾਖਲ ਹੋ ਗਿਆ ਤੇ ਅਚਾਨਕ ਉਸ ਨੇ ਕਿਰਚ ਕੱਢੀ ਅਤੇ ਗੱਲੇ ਵਿਚੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ | ਪਰ ਦੁਕਾਨਦਾਰ ਨੇ ਬੇਮਿਸਾਲ ਹਿੰਮਤ ਅਤੇ ਸੂਝਬੂਝ ਦਿਖਾਉਂਦਿਆਂ ਲੁਟੇਰੇ ਦਾ ਡਟ ਕੇ ਮੁਕਾਬਲਾ ਕੀਤਾ | ਦੋਹਾਂ ਵਿਚਕਾਰ ਹੋਈ ਹੱਥੋਪਾਈ ਦੌਰਾਨ ਲੁਟੇਰਾ ਘਬਰਾਹਟ ਵਿਚ ਮੌਕੇ ਤੋਂ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ, ਜੋ ਪੁਲਿਸ ਲਈ ਮਹੱਤਵਪੂਰਨ ਸਬੂਤ ਸਾਬਤ ਹੋ ਸਕਦੀ ਹੈ | ਦੁਕਾਨਦਾਰ ਨੇ ਤੁਰੰਤ ਅਮਰਗੜ੍ਹ ਪੁਲਿਸ ਥਾਣੇ ਨੂੰ ਸੂਚਿਤ ਕੀਤਾ | ਇਸ ਘਟਨਾ ਬਾਰੇ ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਦੀ ਵੀਡੀਓ ਦੀ ਮਦਦ ਨਾਲ ਲੁਟੇਰੇ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ | ਇਸ ਵਾਰਦਾਤ ਨੇ ਅਮਰਗੜ੍ਹ ਦੇ ਵਪਾਰੀਆਂ ਅਤੇ ਨਿਵਾਸੀਆਂ ਵਿਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ | ਲੋਕ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਅਤੇ ਇਲਾਕੇ ਵਿਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕਰ ਰਹੇ ਹਨ |
ਅਮਰਗੜ੍ਹ 'ਚ ਦਿਨ-ਦਿਹਾੜੇ ਲੁੱਟ ਦੀ ਸਨਸਨੀਖ਼ੇਜ਼ ਵਾਰਦਾਤ
ਅਜੀਤ ਡੈਸਕ
20-06-2025