ਮਲੇਰਕੋਟਲਾ 19 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਜ਼ਿਲ੍ਹਾ ਮਲੇਰਕੋਟਲਾ ਦੇ ਲੋਕਾਂ ਨੂੰ ਪਹਿਲਾਂ ਟਰਾਂਸਪੋਰਟ ਵਿਭਾਗ ਦੇ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਲੈ ਕੇ ਵੱਖ-ਵੱਖ ਦਫਤਰਾਂ ਦੇ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ | ਪ੍ਰੰਤੂ ਹੁਣ ਸੂਬਾ ਸਰਕਾਰ ਨੇ ਇਸ ਸਬੰਧੀ ਅਹਿਮ ਫੈਸਲਾ ਲਿਆ ਹੈ | ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਵਾਹਨਾਂ ਦੇ ਰਜਿਸਟਰੇਸ਼ਨ ਸਰਟੀਫਿਕੇਟਾਂ (ਆਰ.ਸੀ.) ਤੇ ਡਰਾਈਵਿੰਗ ਲਾਇਸੰਸਾਂ ਦੀ ਰਜਿਸਟਰੇਸ਼ਨ, ਰੀਨਿਊਵਲ ਦੇ ਅਧਿਕਾਰ ਖੇਤਰੀ ਟਰਾਂਸਪੋਰਟ ਅਫ਼ਸਰ ਨੂੰ ਦਿੱਤੇ ਗਏ ਹਨ ਤਾਂ ਜੋ ਮੈਨੂਅਲ ਆਰ.ਸੀ. ਤੇ ਡੀ.ਐਲ. ਦੀ ਰਜਿਸਟਰੇਸ਼ਨ ਤੇ ਰੀਨਿਊਅਲ ਸਬੰਧੀ ਬੈਕਲਾਗ ਦਾ ਕੰਮ ਪੂਰਾ ਕੀਤਾ ਜਾ ਸਕੇ. ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੰਮਲ ਕਾਰਜ ਹੁਣ ਦਫ਼ਤਰ ਖੇਤਰੀ ਟਰਾਂਸਪੋਰਟ ਅਫ਼ਸਰ ਮਾਲੇਰਕੋਟਲਾ ਵਿਖੇ ਹੀ ਹੋਣਗੇ | ਖੇਤਰੀ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਹੁਣ ਬਿਨੈਕਾਰ ਆਪਣੇ ਪੁਰਾਣੇ ਮੈਨੂਅਲ ਰਜਿਸਟਰਡ ਵਾਹਨ ਤੇ ਡਰਾਈਵਿੰਗ ਲਾਇਸੰਸ ਨੂੰ ਆਨਲਾਈਨ ਕਰਵਾਉਣ ਤੋਂ ਇਲਾਵਾ ਸਬੰਧਤ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਟਰਾਂਸਪੋਰਟ ਨਿਯਮਾਂ ਦੀ ਪਾਲਣਾ ਹਿਤ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਕਿਸਮ ਦੇ ਕਮਰਸ਼ੀਅਲ ਵਾਹਨਾਂ 'ਤੇ ਸਪੀਡ ਗਵਰਨਰ ਲੱਗਿਆ ਹੋਣਾ ਲਾਜ਼ਮੀ ਹੈ | ਮੈਨੂਅਲ ਆਰ.ਸੀ. ਤੇ ਡੀ.ਐਲ. ਦੀ ਰਜਿਸਟਰੇਸ਼ਨ, ਰੀਨਿਊਅਲ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਆਰ.ਸੀ. ਤੇ ਡੀ.ਐਲ. ਦੇ ਬੈਕਲਾਗ ਸਬੰਧੀ ਕਾਰਜਕਾਰੀ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫ਼ੀਆ ਬਿਆਨ ਲਿਆ ਜਾਵੇਗਾ, ਜਿਸ ਵਿੱਚ ਬੈਕਲਾਗ ਰਾਹੀਂ ਆਨਲਾਈਨ ਡਿਜੀਟੀਲਾਈਜ਼ੇਸ਼ਨ ਕਰਵਾਉਣ ਸਬੰਧੀ, ਮਿਆਦ, ਕੈਟਾਗਿਰੀ, ਮੈਨੂਅਲ ਜਾਰੀ ਕਰਨ ਵਾਲੀ ਅਥਾਰਟੀ, ਟੈਕਸ ਭਰੇ ਹੋਣ 'ਤੇ ਕੋਈ ਬਕਾਇਆ ਨਾ ਹੋਣ ਸਬੰਧੀ ਤੇ ਸਮੁੱਚੀ ਜਾਣਕਾਰੀ ਸਹੀ ਹੋਣ ਸਬੰਧੀ ਇੰਦਰਾਜ਼ ਕਰਨਾ ਹੋਵੇਗਾ | ਆਰ.ਸੀ. ਦੇ ਬੈਕਲਾਗ ਆਨਲਾਈਨ ਸਬੰਧੀ ਸਮੁੱਚੀਆਂ ਜਾਣਕਾਰੀਆਂ ਆਨਲਾਈਨ ਅਪਲੋਡ ਕੀਤੇ ਜਾਣ ਸਮੇਂ, ਰਜਿਸਟਰੇਸ਼ਨ ਨੰਬਰ ਜਿਸ ਵਾਹਨ 'ਤੇ ਲੱਗਾ ਹੈ, ਦੀ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਚੈਸੀ ਤੇ ਇੰਜਣ ਨੰਬਰ ਦੇ ਪੂਰੇ ਵੇਰਵੇ ਦਰਜ ਕੀਤੀ ਭੌਤਿਕ ਜਾਂਚ ਰਿਪੋਰਟ ਵੀ ਅਪਲੋਡ ਕੀਤੀ ਜਾਣੀ ਜ਼ਰੂਰੀ ਹੈ | ਆਰ.ਸੀ. ਬੈਕਲਾਗ ਕਰਨ ਸਮੇਂ ਵੱਖ-ਵੱਖ ਵਿਅਕਤੀਆਂ ਦਾ ਵਹੀਕਲ ਟਰਾਂਸਫਰ ਰਿਕਾਰਡ ਵੀ ਅਪਲੋਡ ਕੀਤਾ ਜਾਵੇਗਾ ਤਾਂ ਜੋ ਪਹਿਲੇ ਮਾਲਕਾਂ ਦਾ ਰਿਕਾਰਡ ਵੀ ਸਾਂਭਿਆ ਜਾ ਸਕੇ | ਇਸ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਭਾਗ ਦੇ ਕਰਮਚਾਰੀ ਬਿਨੈਕਾਰ ਵੱਲੋਂ ਡਰਾਈਵਿੰਗ ਲਾਇਸੰਸ, ਆਰ.ਸੀ. ਨਾਲ ਸਬੰਧਤ ਬੈਕਲਾਗ ਦੀ ਐਂਟਰੀ ਦਫਤਰ ਵਿੱਚ ਦਰਜ ਕਰ ਕੇ, ਉਸ ਨੂੰ ਸਬੰਧਤ ਪੋਰਟਲ 'ਤੇ ਵੈਰੀਫਾਈ ਕਰਨਗੇ ਤੇ ਉਸ ਉਪਰੰਤ ਸਬੰਧਤ ਅਥਾਰਟੀ ਵੱਲੋਂ ਉਸ ਦੀ ਅਪਰੂਵਲ ਕੀਤੀ ਜਾਵੇਗੀ | ਰਜਿਸਟਰੇਸ਼ਨ ਸਰਟੀਫਿਕੇਟਾਂ ਸਬੰਧੀ ਪਰਿਵਾਹਨ ਪੋਰਟਲ ਤੇ ਡਰਾਈਵਿੰਗ ਲਾਇਸੰਸਾਂ ਸਬੰਧੀ ਸਾਰਥੀ ਪੋਰਟਲ ਨਿਰਧਾਰਿਤ ਹਨ |