ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰ ਵੇਲੇ ਸਵਖਤੇ ਹੀ ਪਿੰਡ ਖਡਿਆਲ ਨੇੜੇ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਕਰੀਬ ਇਕ ਹਜ਼ਾਰ ਏਕੜ ਝੋਨਾ, ਮੱਕੀ, ਝੋਨੇ ਦੀ ਪਨੀਰੀ,ਹਰਾ ਚਾਰਾ ਅਤੇ ਸਬਜ਼ੀਆਂ ਦੀ ਫ਼ਸਲ ਖ਼ਰਾਬ ਹੋ ਗਈ | ਕਿਸਾਨ ਸਤਿਗੁਰ ਸਿੰਘ, ਜਗਦੀਪ ਸਿੰਘ ਨੇ ਕਿਹਾ ਕਿ ਪਿਛਲੇ ਇਕ ਡੇਢ ਹਫ਼ਤੇ ਤੋਂ ਪਿੰਡ ਵਾਸੀਆਂ ਵਲੋਂ ਨਹਿਰ ਟੁੱਟਣ ਦਾ ਖ਼ਦਸ਼ਾ ਜਿਤਾਇਆ ਜਾ ਰਿਹਾ ਸੀ | ਜਿਸ ਨੂੰ ਲੈ ਕੇ ਨਹਿਰੀ ਵਿਭਾਗ ਦੇ ਐਸ.ਡੀ.ਓ, ਜੇ.ਈ ਆਦਿ ਨੂੰ ਨੂੰ ਸੂਚਿਤ ਕਰ ਕੇ ਨਹਿਰ 'ਚ ਪਾਣੀ ਘਟਾਉਣ ਨੂੰ ਕਿਹਾ ਗਿਆ ਸੀ ਪਰ ਨਹਿਰੀ ਵਿਭਾਗ ਦੇ ਅਮਲੇ ਵਲੋਂ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀ ਲਿਆ ਗਿਆ ਅਤੇ ਵੱਡੀ ਗਿਣਤੀ 'ਚ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਡੁੱਬ ਗਈ | ਉਨ੍ਹਾਂ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫ਼ਾਈ ਨਾਂ ਹੋਣ ਅਤੇ ਵਿਭਾਗ ਦੇ ਅਮਲੇ ਦੀ ਅਣਗਹਿਲੀ ਦਾ ਖ਼ਮਿਆਜ਼ਾ ਗਰੀਬ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ | ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਸਬੰਧਿਤ ਐਸ.ਡੀ.ਓ ਆਰੀਅਨ ਅਨੇਜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਕੁਝ ਕਿਸਾਨਾਂ ਵਲੋਂ ਇਸ ਮਸਲੇ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਨਹਿਰ ਸੜਕ ਕਿਨਾਰੇ ਲੱਗੇ ਦਰਖਤਾਂ ਦੇ ਤਣੇ ਆਦਿ ਫੈਲਣ ਜਰੀਏ ਸਿੱਮਣ ਕਾਰਨ ਟੁੱਟੀ ਗਈ | ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਪਹੁੰਚ ਗਏ ਹਨ ਅਤੇ ਇਸ ਵੇਲੇ ਪਾਣੀ ਦਾ ਵਹਾਅ ਬਹੁਤ ਤੇਜ ਹੈ ਪਰ ਫਿਰ ਵੀ ਨਹਿਰੀ ਵਿਭਾਗ ਦੇ ਅਮਲੇ ਵਲੋਂ ਨਹਿਰ ਦਾ ਪਾੜ ਪੂਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ |