ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ)-ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਏ.ਟੀ.ਐਮ ਕਾਰਡ ਬਦਲ ਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦੇ ਪੈਸੇ ਠੱਗਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਐੱਸ.ਐੱਚ.ਓ ਸਿਟੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਗਿਰੋਹ ਦੇ ਇੱਕ ਮੈਂਬਰ ਸਤਬੀਰ ਪੁੱਤਰ ਧਰਮਪਾਲ ਵਾਸੀ ਕਪਰੌ ਜ਼ਿਲ੍ਹਾ ਹਿਸਾਰ (ਹਰਿਆਣਾ) ਨੂੰ ਕਾਬੂ ਕਰ ਲਿਆ ਹੈ | ਜਦ ਕਿ ਗਿਰੋਹ ਦੇ ਦੋ ਹੋਰ ਮੈਂਬਰ ਪ੍ਰਵੀਨ ਪੁੱਤਰ ਰਾਮ ਦਿਆ, ਦਲਜੀਤ ਪੁੱਤਰ ਧਰਮੂ ਵਾਸੀ ਕਪਰੌ ਜ਼ਿਲ੍ਹਾ ਹਿਸਾਰ (ਹਰਿਆਣਾ) ਅਜੇ ਫ਼ਰਾਰ ਹਨ ਜਿਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤਾ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਹ ਇਤਲਾਹ ਮਿਲੀ ਸੀ ਕਿ ਸਤਬੀਰ, ਪ੍ਰਵੀਨ ਅਤੇ ਦਲਜੀਤ ਹਿਸਾਰ ਦੇ ਰਹਿਣ ਵਾਲੇ ਹਨ ਜੋ ਸੰਗਰੂਰ ਅਤੇ ਹੋਰ ਸ਼ਹਿਰ ਵਿਚ ਜਾ ਕੇ ਏ.ਟੀ.ਐਮ ਵਿਚੋਂ ਪੈਸੇ ਕਢਵਾਉਣ ਦੇ ਬਹਾਨੇ ਉਨ੍ਹਾਂ ਦੇ ਏ.ਟੀ.ਐਮ ਕਾਰਡ ਬਦਲ ਲੈਂਦੇ ਹਨ | ਭੋਲੇ ਭਾਲੇ ਲੋਕਾਂ ਨੂੰ ਬਦਲਿਆ ਹੋਇਆ ਏ.ਟੀ.ਐਮ ਕਾਰਡ ਦੇ ਜਾਂਦੇ ਹਨ ਅਤੇ ਉਨ੍ਹਾਂ ਠੱਗੇ ਲੋਕਾਂ ਦੇ ਏ.ਟੀ.ਐਮ ਕਾਰਡ ਵਿਚ ਆਪ ਪੈਸੇ ਕਢਵਾਉਣ ਲੈਂਦੇ ਹਨ | ਇਹ ਵੀ ਜਾਣਕਾਰੀ ਪੁਲਿਸ ਨੂੰ ਮਿਲੀ ਸੀ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਸੰਗਰੂਰ ਅਤੇ ਹੋਰ ਸ਼ਹਿਰਾਂ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਪੁਲਿਸ ਨੂੰ ਇਤਲਾਹ ਇਹ ਵੀ ਮਿਲੀ ਕਿ ਸਤਬੀਰ ਅਤੇ ਪ੍ਰਵੀਨ ਅੱਜ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸੰਗਰੂਰ ਵਿਚ ਘੁੰਮ ਰਹੇ ਹਨ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ | ਐੱਸ.ਐੱਚ.ਓ ਮਨਪ੍ਰੀਤ ਸਿੰਘ ਅਨੁਸਾਰ ਇਤਲਾਹ ਮਿਲਣ ਉੱਤੇ ਪੁਲਿਸ ਨੇ ਸਤਬੀਰ ਨੂੰ ਕਾਬੂ ਕਰ ਲਿਆ ਹੈ ਅਤੇ ਜਦ ਕਿ ਉਸ ਦੇ ਦੋਵੇਂ ਹੋਰ ਸਾਥੀਆਂ ਪ੍ਰਵੀਨ ਅਤੇ ਦਲਜੀਤ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ |