ਸੰਗਰੂਰ, 21 ਜੂਨ (ਧੀਰਜ ਪਸ਼ੋਰੀਆ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਵਿਖੇ ਬੱਕਰੀ ਪਾਲਣ ਦੇ ਕਿੱਤਾਮੁਖੀ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੇ ਜਾਣ ਮੌਕੇ ਕਿਸਾਨਾਂ ਨਾਲ ਖੇਤੀਬਾੜੀ ਵਿਚ ਸਹਾਇਕ ਧੰਦਿਆਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਕਿਸਾਨਾਂ, ਨੌਜਵਾਨਾਂ ਅਤੇ ਬੀਬੀਆਂ ਨੂੰ ਖਾਸ ਤੌਰ 'ਤੇ ਜਿਨ੍ਹਾਂ ਕੋਲ ਜ਼ਮੀਨ ਘੱਟ ਹੈ, ਸੰਯੁਕਤ ਖੇਤੀਬਾੜੀ ਪ੍ਰਣਾਲੀ ਮਾਡਲ ਅਪਨਾਉਣ ਦਾ ਸੁਝਾਅ ਦਿੱਤਾ | ਇਸ ਮਾਡਲ ਵਿਚ ਖੇਤੀ ਫ਼ਸਲਾਂ, ਬਾਗ਼ਬਾਨੀ ਅਤੇ ਪਸ਼ੂ ਪਾਲਣ ਦੇ ਸੁਮੇਲ ਨਾਲ ਥੋੜ੍ਹੇ ਰਕਬੇ ਚੋਂ ਟਿਕਾਊ ਅਤੇ ਨਿਯਮਤ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ | ਡਾ. ਢਿੱਲੋਂ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਦੇ ਫਾਰਮ ਉੱਤੇ ਝੋਨੇ ਦੀ ਮੈਟ ਟਾਈਪ ਪਨੀਰੀ ਦੀ ਤਿਆਰੀ, ਕਪਾਹ, ਨਰਮਾ, ਸਣ ਅਤੇ ਸਬਜ਼ੀਆਂ ਦੇ ਖੋਜ ਤਜ਼ਰਬਿਆਂ ਦਾ ਵੀ ਨਿਰੀਖਣ ਕੀਤਾ ਗਿਆ | ਉਨ੍ਹਾਂ ਵਲੋਂ ਮੱਕੀ ਅਤੇ ਹਲਦੀ ਦੇ ਬੀਜ ਉਤਪਾਦਨ ਦਾ ਵੀ ਮੁਆਇਆ ਕੀਤਾ ਗਿਆ | ਇਸ ਤੋਂ ਇਲਾਵਾ ਉਨ੍ਹਾਂ ਪਿੰਡ ਦੇਹਕਲਾਂ ਵਿਖੇ ਅਗਾਂਹਵਧੂ ਕਿਸਾਨ ਬਚਿੱਤਰ ਸਿੰਘ ਗਰਚਾ ਦੇ ਸੋਇਆਬੀਨ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕੀਤਾ ਅਤੇ ਸ. ਗਰਚਾ ਵਲੋਂ ਕੀਤੇ ਜਾ ਰਹੇ ਸਹਾਇਕ ਧੰਦੇ ਦੀ ਸ਼ਲਾਘਾ ਕੀਤੀ | ਪਿੰਡ ਬਡਲਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਲਗਵਾਈ ਬਹਾਰ ਰੁੱਤ ਦੀ ਮੰੂਗਫਲੀ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਾ. ਮਨਦੀਪ ਸਿੰਘ ਇੰਚਾਰਜ, ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨ ਵੀਰਾਂ ਅਤੇ ਬੀਬੀਆਂ ਨਾਲ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਿਖਲਾਈ ਪ੍ਰੋਗਰਾਮਾਂ ਅਤੇ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਸਾਉਣੀ ਰੁੱਤ ਦੌਰਾਨ ਝੋਨੇ ਦੀ ਮਸ਼ੀਨੀ ਲਵਾਈ ਲਈ ਮੈਟ ਟਾਈਪ ਨਰਸਰੀ, ਝੋਨੇ ਦੀ ਸਿੱਧੀ ਬਿਜਾਈ, ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਅਤੇ ਬਰਸਾਤ ਰੁੱਤ ਦੀ ਮੱਕੀ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਜਾ ਰਹੀਆਂ ਹਨ | ਇਸ ਮੌਕੇ ਡਾ. ਅਜੈ ਸਿੰਘ, ਡਾ. ਸੁਨੀਲ ਕੁਮਾਰ, ਡਾ. ਵਿਤਸਤਾ, ਡਾ. ਰੁਕਿੰਦਰ ਪ੍ਰੀਤ ਸਿੰਘ ਅਤੇ ਮੈਡਮ ਅਮਰਪ੍ਰੀਤ ਕੌਰ ਵੀ ਮੌਜੂਦ ਸਨ |