ਮਲੇਰਕੋਟਲਾ, 22 ਜੂਨ (ਪਾਰਸ ਜੈਨ)-ਕੌਮਾਂਤਰੀ ਪੱਧਰ 'ਤੇ ਸਮਾਜ ਸੇਵਾ ਖੇਤਰ ਦੀ ਅਹਿਮ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਜਲਦੀ ਹੀ ਕਸਬਾ ਸੰਦੌੜ ਵਿਖੇ ਵੀ ਆਮ ਲੋਕਾਂ ਦੀ ਮੈਡੀਕਲ ਸਹੂਲਤ ਲਈ ਸਨੀ ਉਬਰਾਏ ਕਲੀਨਿਕਲ ਲੈਬਾਰਟਰੀ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਸਬੰਧੀ ਟਰੱਸਟ ਦੀ ਜ਼ਿਲ੍ਹਾ ਮਲੇਰਕੋਟਲਾ ਇਕਾਈ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਟਰੱਸਟ ਵਲੋਂ ਕਰਵਾਏ ਵਿੱਤੀ ਸਹਾਇਤਾ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਟਰੱਸਟ ਕਸਬਾ ਸੰਦੌੜ ਵਿਚ ਸਨੀ ਉਬਰਾਏ ਕਲੀਨਿਕਲ ਲੈਬਾਰਟਰੀ ਚਾਲੂ ਕਰਨ ਲਈ ਲੋੜੀਂਦੀ ਯੋਗ ਜਗਾ ਲੱਭ ਰਿਹਾ ਹੈ | ਜਿਉਂ ਹੀ ਜਗਾ ਦਾ ਪ੍ਰਬੰਧ ਹੋਵੇਗਾ ਸੰਦੌੜ ਵਿਚ ਵੀ ਇਹ ਲੈਬਾਰਟਰੀ ਲੋਕਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਪਹਿਲਾਂ ਹੀ ਮਲੇਰਕੋਟਲਾ ਅਤੇ ਅਮਰਗੜ੍ਹ ਵਿਚ ਪੂਰੀ ਸਫਲਤਾ ਨਾਲ ਚਲਾਈਆਂ ਜਾ ਰਹੀਆਂ ਸਨੀ ਉਬਰਾਏ ਕਲੀਨਿਕਲ ਲੈਬਾਰਟਰੀਆਂ ਇਲਾਕੇ ਦੇ ਲੋਕਾਂ ਨੂੰ ਮਾਮੂਲੀ ਫ਼ੀਸ ਨਾਲ ਮੈਡੀਕਲ ਟੈੱਸਟਾਂ ਦੀ ਵੱਡੀ ਸਹੂਲਤ ਮੁਹੱਈਆ ਕਰਵਾ ਰਹੀਆਂ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਜ਼ਿਲ੍ਹਾ ਮਲੇਰਕੋਟਲਾ ਦੇ 109 ਲੋੜਵੰਦ ਵਿਅਕਤੀਆਂ ਨੂੰ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ | ਇਨ੍ਹਾਂ ਵਿਚ 106 ਵਿਧਵਾ ਬਜ਼ੁਰਗ, ਅਪੰਗ ਤੇ ਨਿਆਸਰੇ ਬਾਲ ਅਤੇ ਤਿੰਨ ਕੈਂਸਰ ਪੀੜਤ ਵਿਅਕਤੀ ਸ਼ਾਮਿਲ ਹਨ | ਸਮਾਗਮ ਮੌਕੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੇ ਨਾਲ ਸਰਪੰਚ ਨਰੇਸ਼ ਕੁਮਾਰ ਨਾਰੀਕੇ, ਮਨਧੀਰ ਸਿੰਘ ਝੱਲ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਲੈਕਚਰਾਰ ਗੁਰਪਰੀਤ ਸਿੰਘ ਜਵੰਧਾ,ਗਿਆਨੀ ਅਵਤਾਰ ਸਿੰਘ ਬਧੇਸਾ, ਮਨਦੀਪ ਸਿੰਘ ਖੁਰਦ, ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ, ਸਰਪੰਚ ਕੁਲਵਿੰਦਰ ਸਿੰਘ ਹਿੰਮਤਾਣਾ, ਸਪਿੰਦਰ ਸਿੰਘ ਭੁਰਥਲਾ, ਹਰਬੰਸ ਸਿੰਘ ਮੁਹੰਮਦਗੜ੍ਹ, ਪਲਵਿੰਦਰ ਸਿੰਘ ਬਾਜਵਾ, ਕਾਬਲ ਸਿੰਘ ਬੂੰਗਾ ਅਤੇ ਸਾਹਿਬ ਸਿੰਘ ਬੂੰਗਾ ਆਦਿ ਟਰੱਸਟ ਆਗੂ ਵੀ ਮੌਜੂਦ ਸਨ |