ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਹਰੀਸ਼ ਗੱਖੜ)-ਦਿਵਸ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਖੇ ਸਪਤਾਹਿਕ ਸਤਿਸੰਗ ਕੀਤਾ ਗਿਆ | ਇਸ ਮੌਕੇ ਪ੍ਰਵਚਨ ਕਰਦੇ ਹੋਏ ਸ਼੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਦੀ ਪਰਮ ਸੇਵਿਕਾ ਸਾਧਵੀ ਪਲਕ ਭਾਰਤੀ ਨੇ ਦੱਸਿਆ ਕਿ ਗੁਰੂ ਪ੍ਰੇਮ ਇੱਕ ਅਜਿਹਾ ਅਲੌਕਿਕ ਬਿਰਖ ਹੈ ਜਿਸ ਉੱਪਰ ਆਤਮਿਕ ਅਨੰਦ ਦੇ ਫਲ ਲੱਗਦੇ ਹਨ ਅਤੇ ਸੇਵਕ ਦੇ ਹਿਰਦੇ ਅੰਦਰ ਪਲਦਾ ਗੁਰੂ ਪ੍ਰੇਮ ਇੱਕ ਉਤਸਵ ਹੈ, ਉਸ ਦੇ ਜੀਵਨ ਦਾ ਸਾਰ ਹੈ | ਜਿਸ ਦੇ ਹਿਰਦੇ ਰੂਪੀ ਸਰੋਵਰ 'ਚ ਪ੍ਰੇਮ ਦੇ ਕਮਲ ਖਿੜ੍ਹਦੇ ਹਨ ਉੱਥੇ ਹਮੇਸ਼ਾ ਬਹਾਰ ਬਣੀ ਰਹਿੰਦੀ ਹੈ | ਸ਼ਾਇਦ ਇਸੇ ਲਈ ਹੀ ਕਿਹਾ ਗਿਆ ਕਿ ਗੁਰੂ ਭਗਤ ਦੇ ਜੀਵਨ 'ਚ ਸਦਾ ਬਸੰਤ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਇੱਕ ਨਦੀ ਜਦੋਂ ਤੱਕ ਪ੍ਰਵਾਹਮਾਨ ਬਣੀ ਰਹਿੰਦੀ ਹੈ ਉਹ ਪਵਿੱਤਰ ਹੁੰਦੀ ਹੈ | ਦੂਸਰੇ ਪਾਸੇ ਤਲਾਬ ਵਹਿੰਦਾ ਨਹੀਂ ਇਸ ਲਈ ਗੰਧਲਾ ਹੋ ਜਾਂਦਾ ਹੈ | ਇਸ ਲਈ ਪਵਿੱਤਰਤਾ ਅਤੇ ਨਿਰਮਲਤਾ ਉੱਥੇ ਹੀ ਹੁੰਦੀ ਹੈ ਜਿੱਥੇ ਪ੍ਰਵਾਹ ਹੈ, ਠਹਿਰਾਅ ਨਹੀਂ | ਮੋਹ ਠਹਿਰਾਅ ਹੈ ਜੋ ਕਿਸੇ ਵੀ ਵਿਅਕਤੀ, ਵਸਤੂ ਅਤੇ ਸਥਾਨ 'ਤੇ ਠਹਿਰ ਜਾਂਦਾ ਹੈ ਪਰੰਤੂ ਪ੍ਰੇਮ ਇੱਕ ਨਿਰੰਤਰ ਪ੍ਰਵਾਹ ਹੈ ਜੋ ਸਾਨੂੰ ਹਰ ਵੇਲੇ ਊਜਲ ਅਤੇ ਪਵਿੱਤਰ ਬਣਾਉਂਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਾਮਲ ਹੋ ਕੇ ਅਲੌਕਿਕ ਪ੍ਰਵਚਨਾਂ ਨੂੰ ਸੁਣਿਆ |