ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਸਰਬਜੀਤ ਸਿੰਘ ਧਾਲੀਵਾਲ)-ਸੁਨਾਮ 'ਚ ਬਣ ਰਹੇ ਨਵੇਂ ਬੱਸ ਅੱਡੇ ਦੀ ਤਜਵੀਤ ਜਗ੍ਹਾ ਬਾਰੇ ਵਿਵਾਦ ਸਾਹਮਣੇ ਆਇਆ ਹੈ, ਭਾਵੇਂ ਉਕਤ ਜਗ੍ਹਾ ਬਾਰੇ ਪ੍ਰਸ਼ਾਸਨ ਵਲੋਂ ਕਬਜਾ ਲੈਣ ਦਾ ਦਾਅਵਾ ਕੀਤਾ ਗਿਆ ਸੀ, ਅਤੇ ਇਸ ਸਬੰਧੀ ਟੈਂਡਰ ਵੀ ਪ੍ਰੀਕਿ੍ਆ ਅਧੀਨ ਹੈ | ਅੱਜ ਸਥਾਨਕ ਸ਼ਹੀਦ ਊਧਮ ਸਿੰਘ ਦੇ ਸਮਾਰਕ 'ਤੇ ਕੰਬੋਜ ਭਾਈਚਾਰੇ ਵਲੋਂ ਇਕੱਠ ਕੀਤਾ ਗਿਆ ਜਿਸ ਵਿਚ ਸ਼ਹਿਰ ਦੇ ਕਈ ਗੁਰੂ ਘਰ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਸ਼ਾਮਿਲ ਹੋਏ | ਇਸ ਸਮੇਂ ਗੁਰਦੁਆਰਾ ਸੱਚਖੰਡ ਸਾਹਿਬ ਦੀ ਦੱਸੀ ਜਾ ਰਹੀ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੇਸ ਲੜ ਰਹੇ ਵਕੀਲ ਮਨਜੀਤ ਸਿੰਘ ਕੁਕੀ ਨੇ ਕਿਹਾ ਕਿ ਉਕਤ ਜਗ੍ਹਾ ਬਾਰੇ ਨਗਰ ਕੌਂਸਲ ਨੂੰ ਕਿਸੇ ਵੀ ਅਦਾਲਤ ਵਲੋਂ ਵਾਰੰਟ ਕਬਜਾ ਨਹੀ ਦਿੱਤਾ ਗਿਆ ਸੀ ਅਤੇ ਨਾ ਹੀ ਕੋਈ ਪ੍ਰਸ਼ਾਸਨ ਅਧਿਕਾਰੀ ਉਕਤ ਜਗ੍ਹਾ ਵਾਸਤੇ ਵਾਰੰਟ ਕਬਜਾ ਦੇ ਸਕਦਾ ਹੈ | ਨਗਰ ਕੌਸ਼ਲ ਅਤੇ ਪ੍ਰਸ਼ਾਸਨ ਸ਼ਰੇਆਮ ਧੱਕਾ ਕਰ ਰਿਹਾ ਹੈ, ਜਦੋਂ ਕਿ ਇਸ ਜਗ੍ਹਾ ਸਬੰਧੀ ਤਿੰਨ ਵੱਖ ਵੱਖ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ ਅਤੇ ਜੋ ਫਰੰਟ ਵਾਲੀ 17 ਕਨਾਲ 18 ਮਰਲੇ ਜ਼ਮੀਨ ਹੈ, ਸੰਨ 1969 ਤੋਂ ਪਹਿਲਾ ਦੀ ਗੁਰੂਘਰ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਹੈ ਅਤੇ ਬਾਕੀ ਦੀ ਜ਼ਮੀਨ ਬਾਰੇ ਵੀ ਕੇਸ ਚੱਲ ਰਹੇ ਹਨ | ਸਰਕਾਰ ਜਾਂ ਨਗਰ ਕੌਂਸਲ ਇੱਥੇ ਬੱਸ ਅੱਡਾ ਨਹੀਂ ਬਣਾ ਸਕਦੀ ਛੇਤੀ ਹੀ ਅਸੀਂ ਪ੍ਰਸ਼ਾਸਨ ਖ਼ਿਲਾਫ਼ ਅਦਾਲਤੀ ਮਾਣਹਾਣੀ ਦਾ ਕੇਸ ਕਰਨ ਜਾ ਰਹੇ ਹਾਂ | ਇਸ ਮੌਕੇ ਕੰਬੋਜ ਭਾਈਚਾਰੇ ਦੇ ਆਗੂ ਰਾਜਿੰਦਰ ਸਿੰਘ ਕੈਫੀ ਇੰਦਰਜੀਤ ਸਿੰਘ, ਨਿਰਮਲ ਸਿੰਘ ਲੀਲ੍ਹਾ, ਮਨਜੀਤ ਸਿੰਘ ਕੁੱਕੂ ਆਦਿ ਨੇ ਕਿਹਾ ਪ੍ਰਸ਼ਾਸਨ ਵਲੋਂ ਗੁਰੂਘਰ ਦੀ ਜ਼ਮੀਨ ਵਿਚ ਨਵਾਂ ਬੱਸ ਅੱਡਾ ਬਣਾਉਣ ਲਈ ਧੱਕਾ ਕੀਤਾ ਜਾ ਰਿਹਾ ਜਿਸ ਕਾਰਨ ਕੰਬੋਜ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਜੇਕਰ ਪ੍ਰਸ਼ਾਸਨ ਵਲੋਂ ਉਕਤ ਗੁਰੂਘਰ ਦੀ ਜ਼ਮੀਨ 'ਤੇ ਬੱਸ ਸਟੈਂਡ ਬਣਾਉਣ ਦਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਸੁਨਾਮ ਦਾ ਕੰਬੋਜ ਭਾਈਚਾਰੇ ਵਲੋਂ ਆਮ ਆਦਮੀ ਪਾਰਟੀ ਅਤੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ | ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਾਲਕਿਸ਼ਨ ਨੇ ਕਿਹਾ ਕਿ ਬੱਸ ਸਟੈਂਡ ਦੀ ਜ਼ਮੀਨ ਬਾਰੇ ਨਗਰ ਕੌਂਸਲ ਕਾਨੂੰਨੀ ਪੱਖ ਤੋਂ ਹਰ ਤਰਾ ਮਜ਼ਬੂਤ ਹੈ ਅਤੇ ਕਿਸੇ ਵੀ ਅਦਾਲਤੀ ਹੁਕਮਾਂ ਦੀ ਉਲੰਘਣਾ ਨਹੀ ਕੀਤੀ ਗਈ | ਗੁਰੂ-ਘਰ ਪ੍ਰਬੰਧਕ ਕਮੇਟੀ ਵਕਫ਼ ਬੋਰਡ ਵਾਲੀ ਜ਼ਮੀਨ ਦਾ ਚਕੋਤਾ ਨਾ ਭਰਨ ਕਰ ਕੇ ਡਿਫਾਲਟਰ ਹੋ ਗਈ ਸੀ ਅਤੇ ਉਨ੍ਹਾਂ ਦਾ ਹੱਕ ਖ਼ਤਮ ਹੋ ਗਿਆ ਹੈ |