ਮਸਤੂਆਣਾ ਸਾਹਿਬ, ਸੁਨਾਮ, 22 ਜੂਨ (ਦਮਦਮੀ, ਸੱਗੂ, ਗੱਖੜ, ਧਾਲੀਵਾਲ) - ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਸੂਬੇ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਹਲਕਾ ਸੁਨਾਮ ਦੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ | ਸ੍ਰੀ ਅਰੋੜਾ ਨੇ ਇੱਥੋਂ ਨੇੜਲੇ ਪਿੰਡ ਉਭਾਵਾਲ ਵਿਖੇ ਸਰਪੰਚ ਸਿਮਰਨਜੀਤ ਕੌਰ ਦੀ ਦੇਖਰੇਖ ਹੇਠ ਕਰਵਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਚੈੱਕ ਦੇਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਸ਼੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਪਿਛਲੇ 70-75 ਸਾਲ ਦੇ ਰਿਕਾਰਡ ਤੋੜ ਕੇ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਹੁਣ ਸਰਕਾਰ ਵੀ ਜਿਸ ਪੱਧਰ ਉੱਤੇ ਵਿਕਾਸ ਕਾਰਜ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਹੀ ਪਿੰਡ ਉਭਾਵਾਲ ਵਿਖੇ ਲੰਮੇ ਸਮੇਂ ਤੋਂ ਲਟਕ ਰਹੇ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਪੂਰਾ ਕਰਨ ਹਿਤ ਕਰੀਬ 01 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਕਰੀਬ 3.5 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਜਾਣੀ ਹੈ, ਜਿਸ ਸਬੰਧੀ ਕੈਬਨਿਟ ਮੰਤਰੀ ਵਲੋਂ 77 ਲੱਖ ਰੁਪਏ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਗਿਆ | ਇਹ ਕਾਰਜ 5 ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ | ਕੈਬਨਿਟ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਵਿਕਾਸ ਕਾਰਜਾਂ ਦਾ ਕੰਮ ਨਿੱਬੜਦਾ ਜਾਵੇਗਾ, ਤਿਵੇਂ-ਤਿਵੇਂ ਵਿਕਾਸ ਕਾਰਜਾਂ ਲਈ ਪੈਸੇ ਜਾਰੀ ਹੁੰਦੇ ਰਹਿਣਗੇ | ਇਸ ਮੌਕੇ ਡਾ. ਅੰਮਿ੍ਤਪਾਲ ਸਿੰਘ ਸਿੱਧੂ ਦੁੱਗਾਂ, ਮੀਡੀਆ ਇੰਚਾਰਜ ਜਤਿੰਦਰ ਜੈਨ, ਬੀ.ਡੀ.ਪੀ.ਓ. ਸੁਨਾਮ ਸੰਜੀਵ ਕੁਮਾਰ, ਬੀ.ਡੀ.ਪੀ.ਓ. ਸੰਗਰੂਰ ਗੁਰਦਰਸ਼ਨ ਸਿੰਘ, ਤਹਿਸੀਲਦਾਰ ਹਰਪ੍ਰੀਤ ਸਿੰਘ, ਡੀ.ਐੱਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਸਰਪੰਚ ਸਿਮਰਨਜੀਤ ਕੌਰ ਉੱਭਾਵਾਲ, ਮੋਤਾ ਸਿੰਘ ਢੀਂਡਸਾ ਅਤੇ ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ |