ਚੀਮਾ ਮੰਡੀ, 21 ਸਤੰਬਰ (ਦਲਜੀਤ ਸਿੰਘ ਮੱਕੜ) - ਕਿਰਤੀ ਕਿਸਾਨ ਯੂਨੀਅਨ ਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਮਾਸਟਰ ਨਿਰਭੈ ਸਿੰਘ ਖਾਈ ਦੇ ਕਾਤਲਾਨਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਸੰਗਰੂਰ ਪੁਲਿਸ ਵੱਲੋਂ ਇਰਾਦਾ ਕਤਲ ਦੇ ਮੁਕੱਦਮੇ ਨੂੰ ਕਾਨੂੰਨੀ ਤੌਰ ਤੇ ਕਮਜ਼ੋਰ ਕਰਨ ਲਈ ਵਰਤੀ ਜਾ ਰਹੀ ਕਥਿਤ ਢਿੱਲਮੱਠ ਤੇ ਨਿਰਭੈ ਸਿੰਘ ਖਾਈ ਅਤੇ ਉਸ ਦੇ ਪਰਿਵਾਰ ਉੱਪਰ ਸਮਝੌਤਾ ਕਰਨ ਲਈ ਪਾਏ ਜਾ ਰਹੇ ਦਬਾਅ ਤੇ ਧਮਕਾਉਣ ਵਿਰੁੱਧ ਰੋਸ ਜ਼ਾਹਿਰ ਕਰਨ ਲਈ 25 ਸਤੰਬਰ ਨੂੰ ਐਸਐਸਪੀ ਦਫ਼ਤਰ ਸੰਗਰੂਰ ਅੱਗੇ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਜ਼ਿਲ੍ਹਾ ਬਲਾਕ ਚੀਮਾ ਦੇ ਪ੍ਰਧਾਨ ਬਲਵਿੰਦਰ ਸਿੰਘ ਸਤੌਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਪੁਲਿਸ ਦੀ ਕਥਿਤ ਸਿਆਸੀ ਪੁਸ਼ਤ ਪੁਨਾਹੀ ਹੇਠ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਮਾਸਟਰ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁੱਖ ਮੁਲਜਮਾਂ ਨੂੰ ਬਚਾਉਣ ਖ਼ਾਤਰ ਇਰਾਦਾ ਕਤਲ ਦੇ ਮੁਕੱਦਮੇ ਨੂੰ ਕਾਨੂੰਨੀ ਤੌਰ ਤੇ ਕਮਜ਼ੋਰ ਕਰਨ ਦੇ ਆਹਰ ਵਿਚ ਜੁਟੀ ਹੋਈ ਹੈ | ਮੀਟਿੰਗ ਦੌਰਾਨ ਗੱਲ ਕਰਦਿਆ ਬਲਾਕ ਪੈੱ੍ਰਸ ਸਕੱਤਰ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਇਸ 25 ਸਤੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਧਰਨੇ ਦੇ ਵਿਚ ਬਲਾਕ ਚੀਮਾ ਵੱਲੋਂ ਵਧਵੀ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸਾਥੀ ਨਿਰਭੈ ਸਿੰਘ ਖਾਈ ਨੂੰ ਇਨਸਾਫ਼ ਦਿਵਾਉਣ ਤੱਕ ਹਰ ਸੰਘਰਸ਼ ਦਾ ਵੱਧ ਚੜ ਕੇ ਸਾਥ ਦਿੱਤਾ ਜਾਵੇਗਾ | ਇਸ ਮੌਕੇ ਸੁਖਬੀਰ ਸਿੰਘ,ਪ੍ਰਦੀਪ ਬਾਂਸਲ, ਚਰਨਜੀਤ ਸਿੰਘ ਚੰਨੀ, ਨਰਪਾਲ ਸਿੰਘ, ਡਾ.ਕੁਲਦੀਪ ਸਿੰਘ, ਗੁਰਬਿੰਦਰ ਵਾਲੀਆ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਸਿਮਰਨਜੀਤ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ |