ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਜੱਜ ਰੀਟਾ ਹੰਸ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਰਾਜਬੀਰ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਸੜਕ ਹਾਦਸੇ ਵਿਚ ਵਿਦਿਆਰਥੀ ਦੀ ਹੋਈ ਮੌਤ ਦੇ ਦੋਸ਼ਾਂ ਵਿਚੋਂ ਸਕੂਲ ਬੱਸ ਦੇ ਕੰਡਕਟਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 14 ਜੂਨ 2017 ਨੂੰ ਦਰਜ ਮਾਮਲੇ ਮੁਤਾਬਿਕ ਮੋਦਨ ਸਿੰਘ ਵਾਸੀ ਘਰਾਚੋਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੋਤਾ ਗੁਰਦੀਪ ਸਿੰਘ, ਪਿੰਡ ਘਰਾਚੋਂ ਦੇ ਇੱਕ ਨਿੱਜੀ ਸਕੂਲ ਵਿਖੇ ਸੱਤਵੀਂ ਜਮਾਤ ਵਿਚ ਪੜਦਾ ਸੀ, 14 ਜੂਨ ਨੂੰ ਸਕੂਲੋਂ ਵਾਪਸੀ ਸਮੇਂ ਸਕੂਲ ਬੱਸ ਨੂੰ ਲਿਆ ਕੇ ਗ਼ਲਤ ਜਗਾ ਪਰ ਖੜੀ ਕਰ ਦਿੱਤੀ ਤਾਂ ਬੱਸ ਦੇ ਕੰਡਕਟਰ ਮਲਕੀਤ ਸਿੰਘ ਨੇ ਪੋਤੇ ਗੁਰਦੀਪ ਸਿੰਘ ਨੂੰ ਬੱਸ ਵਿਚੋਂ ਉਤਾਰ ਕੇ ਸੜਕ ਕਰਾਸ ਨਹੀਂ ਕਰਵਾਈ, ਇਤਨੇ ਵਿਚ ਹੀ ਨਾਮਾਲੂਮ ਵਹੀਕਲ ਜੋ ਭਵਾਨੀਗੜ੍ਹ ਸਾਈਡ ਤੋਂ ਆਇਆ, ਜਿਸ ਨੇ ਗੁਰਦੀਪ ਸਿੰਘ ਨੂੰ ਫੇਟ ਮਾਰ ਦਿੱਤੀ | ਗੁਰਦੀਪ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ 'ਤੇ ਮਲਕੀਤ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਜਦ ਕਿ ਸਕੂਲ ਬੱਸ ਦੇ ਡਰਾਈਵਰ ਦੀ ਟਰਾਇਲ ਦੇ ਦੌਰਾਨ ਮੌਤ ਹੋ ਚੁੱਕੀ ਹੈ |