ਕੰਬਾਈਨ ਮਾਲਕ ਆਪਣੀਆਂ ਕੰਬਾਈਨਾਂ 'ਤੇ ਐਸ ਐਮ ਐਸ ਜ਼ਰੂਰ ਲਗਾਉਣ -ਖੇਤੀਬਾੜੀ ਵਿਭਾਗ
ਅਜੀਤ ਡੈਸਕ
17-10-2025
ਖਨੌਰੀ, 16 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਬਲਾਕ ਅਨਦਾਨਾ ਦੇ ਖੇਤੀਬਾੜੀ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਆਪਣੀ ਟੀਮ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਰੋਪ ਕਟਿੰਗ ਅਤੇ ਬਿਨਾਂ ਐਸ.ਐਮ.ਐਸ. ਤੋਂ ਚੱਲ ਰਹੀਆਂ ਕੰਬਾਈਨਾਂ ਦਾ ਨਿਰੀਖਣ ਕੀਤਾ ਅਤੇ ਕੰਬਾਈਨ ਮਾਲਕਾਂ ਨੂੰ ਆਪਣੀਆਂ ਮਸ਼ੀਨਾਂ 'ਤੇ ਐਸ.ਐਮ.ਐਸ. ਲਾਉਣ ਸਬੰਧੀ ਮਹਿਕਮੇ ਵਲੋਂ ਦਿੱਤੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਝੋਨੇ ਦੀ ਰਹਿੰਦ ਖੰੂਹਦ ਨੂੰ ਕਿਸਾਨ ਅੱਗ ਨਾ ਲਗਾਉਣ ਅਤੇ ਜਿਹੜੇ ਵੀ ਕਿਸਾਨ ਰਹਿੰਦ ਖੰੂਹਦ ਨੂੰ ਅੱਗ ਲਗਾਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨੇ ਵੀ ਵਸੂਲ ਕੀਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 80 ਫ਼ੀਸਦੀ ਸਬਸਿਡੀ 'ਤੇ ਬੇਲਰ ਅਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ | ਜਿਸ ਕਰ ਕੇ ਕਿਸਾਨ ਇਹਨਾਂ ਮਸ਼ੀਨਾਂ ਦੀ ਮਦਦ ਨਾਲ ਆਪਣੀ ਫ਼ਸਲ ਦੀ ਰਹਿੰਦ ਖੰੂਹਦ ਦਾ ਹੱਲ ਕੱਢ ਸਕਦੇ ਹਨ | ਇਸ ਮੌਕੇ ਕਰਨਦੀਪ ਸਿੰਘ, ਕਰਮਵੀਰ ਸਿੰਘ ਨੰਬਰਦਾਰ, ਜਗਬੀਰ ਸਿੰਘ, ਰਾਜਕੁਮਾਰ ਆਦਿ ਕਿਸਾਨ ਹਾਜ਼ਰ ਸਨ |