ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਇੰਜੀਨੀਅਰ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਪਾਵਰਕਾਮ ਅਦਾਰੇ ਦੀਆਂ ਵੱਡੇ ਸ਼ਹਿਰਾਂ ਵਿਚ ਮੌਜੂਦ ਸੈਂਕੜੇ ਏਕੜ ਵਿਚ ਫੈਲੀਆਂ ਬਹੁਤ ਮਹਿੰਗੀਆਂ ਜਾਇਦਾਦਾਂ ਜੋ ਕਈ ਦਹਾਕੇ ਪਹਿਲਾਂ ਜ਼ਿਆਦਾਤਰ ਪੰਚਾਇਤਾਂ ਵਲੋਂ ਅਤੇ ਕੁੱਝ ਨਿੱਜੀ ਤੌਰ ਤੇ ਲੋਕਾਂ ਵਲੋਂ ਦਫ਼ਤਰ ਅਤੇ ਗਰਿੱਡ ਬਣਾਉਣ ਲਈ ਉਸ ਵਕਤ ਬਿਜਲੀ ਬੋਰਡ ਨੂੰ ਦਾਨ ਵਜੋਂ ਦਿੱਤੀਆਂ ਸਨ, ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੇਚਣ ਦੀ ਤਜਵੀਜ਼ ਦੇ ਖ਼ਿਲਾਫ਼ ਅਦਾਰੇ ਦੇ ਇੰਜੀਨੀਅਰ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ,ਪਾਵਰਕਾਮ ਐਂਡ ਟਰਾਂਸ਼ਕੋ ਪੈਨਸ਼ਨਰ ਯੂਨੀਅਨ ਪੰਜਾਬ (ਸਬੰਧਿਤ ਏਟਕ) ਤੋਂ ਇਲਾਵਾ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਸਰਕਲ ਸੰਗਰੂਰ ਦੀ ਸਾਂਝੀ ਮੀਟਿੰਗ ਚਮਕ ਸੰਗਰੂਰ ਵਿਖੇ ਬਿਕਰਮਜੀਤ ਸਿੰਘ ਅਤੇ ਜੀਵਨ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਾਵਰਕਾਮ ਅਦਾਰੇ ਦੀ ਹੋਂਦ ਬਚਾਉਣ ਦੇ ਸਵਾਲ 'ਤੇ ਇੰਜੀਨੀਅਰ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਸਰਕਾਰ ਵਲੋਂ ਜਾਇਦਾਦਾਂ ਵੇਚਣ ਦੀ ਤਜਵੀਜ਼ ਖ਼ਿਲਾਫ਼ ਸਟੇਟ ਦੇ ਸਾਂਝੇ ਥੜੇ੍ਹ ਵਲੋਂ ਉਲੀਕੇ ਸੰਘਰਸ਼ ਮੁਤਾਬਿਕ ਸਰਕਲ ਦਫ਼ਤਰ ਸੰਗਰੂਰ ਅੱਗੇ 24 ਅਕਤੂਬਰ ਨੂੰ ਧਰਨਾ ਲਾਉਣ ਅਤੇ ਡੀ ਸੀ ਦਫ਼ਤਰ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਅਤੇ ਮਿਤੀ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਲੁਧਿਆਣਾ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਵੱਧ ਤੋਂ ਵੱਧ ਸਾਥੀਆਂ ਸ਼ਮੂਲੀਅਤ ਕਰਵਾਉਣ ਦੀ ਅਪੀਲ ਕੀਤੀ | ਮੀਟਿੰਗ ਉਪਰੰਤ ਆਗੂਆਂ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਐਸ.ਈ. ਰਘੂਰੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ | ਮੀਟਿੰਗ ਦੌਰਾਨ ਕੁਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਪਿਸ਼ੌਰ, ਇੰਜ. ਪੰਕਜ ਗਰਗ, ਇੰਜ. ਕੇਸਰ ਸਿੰਘ, ਨਿਰਭੈ ਸਿੰਘ, ਜਸਵਿੰਦਰ ਸਿੰਘ ਪਿਸ਼ੌਰ, ਮਨਪ੍ਰੀਤ ਸ਼ਰਮਾਂ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਧੱਕੇ ਨਾਲ ਲਗਾਈਆਂ ਡਿਊਟੀਆਂ ਤੁਰੰਤ ਕੱਟੀਆਂ ਜਾਣ | ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ 10 ਅਗਸਤ ਅਤੇ 14 ਅਗਸਤ 2025 ਨੂੰ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨਾਲ ਮੁਲਾਜ਼ਮ ਅਤੇ ਪੈਨਸ਼ਨਰ ਦੀਆਂ ਮੰਗਾਂ ਸਬੰਧੀ ਜਥੇਬੰਦੀਆਂ ਨਾਲ ਹੋਏ ਸਮਝੌਤਿਆਂ ਸਮੇਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ |