ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਦੇ ਵਾਰਡ ਨੰ: 22 ਤੋਂ ਕੌਂਸਲਰ ਅਵਤਾਰ ਸਿੰਘ ਤਾਰਾ ਵਲੋਂ ਅੱਜ ਆਪਣੇ ਵਾਰਡ ਅੰਦਰ ਵਿਕਾਸ ਦੇ ਕੰਮ ਨਾ ਹੋਣ ਦੇ ਰੋਸ ਵਜੋਂ ਸਾਰਾ ਦਿਨ ਨਗਰ ਕੌਂਸਲ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਹੱਥ ਵਿਚ ਡੰਮਰੂ ਫੜ੍ਹ ਕੇ ਨਗਰ ਕੌਂਸਲ ਦਫ਼ਤਰ ਅੱਗੇ ਧਰਨੇ ਉੱਤੇ ਬੈਠੇ ਕੌਂਸਲਰ ਤਾਰਾ ਨੇ ਕਿਹਾ ਕਿ ਉਸ ਦੇ ਵਾਰਡ ਵਿਚ ਬਹੁਤ ਸਾਰੇ ਵਿਕਾਸ ਦੇ ਕੰਮ ਅਧੂਰੇ ਹਨ ਜਿਨ੍ਹਾਂ ਵੱਲ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਨਗਰ ਕੌਂਸਲ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਇਨ੍ਹਾਂ ਕੰਮਾਂ ਲਈ ਉਹ ਵਾਰ ਵਾਰ ਸਰਕਾਰੇ -ਦਰਬਾਰੇ ਚੱਕਰ ਕੱਟ-ਕੱਟ ਕੇ ਬੇਨਤੀਆਂ ਕਰ ਚੁੱਕੇ ਹਨ | ਤਾਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਖ਼ੁਦ ਆਪਣੇ ਵਾਰਡ ਵਿਚ ਸਟਰੀਟ ਲਾਈਟਾਂ ਠੀਕ ਕੀਤੀਆਂ ਜਾਂਦੀਆਂ ਹਨ ਅਤੇ ਖ਼ੁਦ ਹੀ ਟੁੱਟ ਭੱਜ ਦੀ ਮੁਰੰਮਤ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਸੀਵਰੇਜ ਦੀ ਸਫ਼ਾਈ ਵੀ ਉਹ ਖ਼ੁਦ ਹੀ ਕਰਦੇ ਹਨ | ਆਪਣੇ ਵਾਰਡ ਵਿਚ ਖ਼ੁਦ ਕਰ ਰਹੇ ਇਨ੍ਹਾਂ ਕੰਮਾਂ ਦੀਆਂ ਤਸਵੀਰਾਂ ਨਾਲ ਲੈ ਕੇ ਬੈਠੇ ਤਾਰਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਨਾਲ ਨਗਰ ਕੌਂਸਲ ਵਲੋਂ ਮਤਰਿਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਇਸ ਸਭ ਤੋਂ ਤੰਗ ਆ ਕੇ ਅੱਜ ਉਨ੍ਹਾਂ ਵਲੋਂ ਆਪਣੇ ਹੀ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਤਾਰਾ ਵਲੋਂ ਆਜ਼ਾਦ ਤੌਰ ਉੱਤੇ ਕੌਂਸਲਰ ਦੀ ਚੋਣ ਜਿੱਤਣ ਉਪਰੰਤ ਸਤ੍ਹਾਧਿਰ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਗਿਆ ਸੀ ਪਰ ਵਾਰਡ ਵਿਚ ਵਿਕਾਸ ਕਾਰਜ ਨਾ ਹੋਣ ਦੇ ਨਾਲ ਨਾਲ ਨਗਰ ਕੌਂਸਲ ਪ੍ਰਧਾਨ ਦੇ ਖ਼ਿਲਾਫ਼ ਹੋਏ ਆਪਣੇ ਕੌਂਸਲਰ ਸਾਥੀਆਂ ਸਮੇਤ ਤਾਰਾ ਵਲੋਂ ਆਮ ਆਦਮੀ ਪਾਰਟੀ ਨੰੂ ਹੁਣ ਅਲਵਿਦਾ ਕਹਿ ਦਿੱਤਾ ਗਿਆ ਹੈ |