ਭਵਾਨੀਗੜ੍ਹ, 23 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਘਰਾਚੋਂ ਦੇ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜੱਜ ਦਲਜੀਤ ਕੌਰ (ਮੁਖੀ ਕਾਨੂੰਨੀ ਸੇਵਾਵਾਂ ਅਥੋਰਟੀ ਸੰਗਰੂਰ) ਨੇ ਬਜ਼ੁਰਗਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਡਾਕਟਰ ਲਵਲੀਨ ਕੌਰ (ਡੀ.ਐਸ.ਐਸ. ਸੰਗਰੂਰ) ਨੇ ਪਹੁੰਚ ਕੇ ਬਜ਼ੁਰਗਾਂ ਨੂੰ ਮਠਿਆਈਆਂ ਕੰਬਲ ਅਤੇ ਕੱਪੜੇ ਆਦਿ ਭੇਟ ਕੀਤੇ | ਉਨ੍ਹਾਂ ਕਿਹਾ ਕਿ ਇਹ ਆਸ਼ਰਮ ਵਿਚ ਬਜ਼ੁਰਗਾਂ ਦੀ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਸੇਵਾ ਸੰਭਾਲ ਹੋ ਰਹੀ ਹੈ, ਇੱਥੇ ਜਿਸ ਤਰ੍ਹਾਂ ਹਰ ਤਰ੍ਹਾਂ ਦੇ ਤਿਉਹਾਰਾਂ ਨੂੰ ਬਹੁਤ ਹੀ ਪਰਿਵਾਰਿਕ ਤੌਰ ਤੇ ਮਨਾਇਆ ਜਾਂਦਾ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉੱਨੀ ਹੀ ਘੱਟ ਹੈ | ਇਸ ਮੌਕੇ ਆਸ਼ਰਮ ਦੇ ਚੇਅਰਮੈਨ ਅਵਿਨਾਸ਼ ਰਾਣਾ ਨੇ ਕਿਹਾ ਕਿ ਆਸ਼ਰਮ ਵਿਚ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਬੇਸਹਾਰਾ ਬਜ਼ੁਰਗ ਰਹਿ ਰਹੇ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਵਿਚ ਕਰਨ ਲਈ ਆਸ਼ਰਮ ਦੇ ਪ੍ਰਬੰਧਕ ਦਿਨ ਰਾਤ ਲੱਗੇ ਹੋਏ ਹਨ | ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ | ਇਸ ਮੌਕੇ ਰੇਨੂ ਰਾਣਾ, ਆਸ਼ੂ ਘੁਮਾਣ, ਕਰਨੈਲ ਸਿੰਘ, ਹਾਣੀ ਬਾਬਾ, ਪ੍ਰਦੀਪ ਸਿੰਘ, ਰਾਜੂ ਨੱਟ, ਨੂਰ ਕੌਰ ਆਦਿ ਹਾਜ਼ਰ ਸਨ |