ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਦੀਆਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਮੁੱਖ ਸੜਕਾਂ ਦੇ ਹੁਣ ਬਣਨ ਦੀ ਆਸ ਜਾਗ ਚੁੱਕੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੀਆਂ ਮੁੱਖ ਸੜਕਾਂ ਪਟਿਆਲਾ ਗੇਟ ਤੋਂ ਵੱਡੇ ਚੌਂਕ ਤੱਕ, ਲਾਲ ਬੱਤੀ ਚੌਂਕ ਤੋਂ ਪੁਰਾਣੇ ਨਗਰ ਕੌਂਸਲ ਦਫ਼ਤਰ ਤੱਕ ਸਮੇਤ ਕੁੱਝ ਹੋਰ ਅੰਦਰੂਨੀ ਸੜਕਾਂ ਜਿਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਸ਼ਹਿਰ ਵਾਸੀਆਂ ਵਲੋਂ ਇਨ੍ਹਾਂ ਸੜਕਾਂ ਨੂੰ ਬਣਾਉਣ ਦੀ ਵਾਰ ਵਾਰ ਕੀਤੀ ਜਾ ਚੁੱਕੀ ਮੰਗ ਨੂੰ ਹੁਣ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਨ੍ਹਾਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਠੇਕਾ ਨਗਰ ਕੌਂਸਲ ਸੰਗਰੂਰ ਵਲੋਂ ਠੇਕੇਦਾਰ ਨੂੰ ਦੇ ਦਿੱਤਾ ਗਿਆ ਹੈ | ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਸਟੈਂਡ ਤੋਂ ਲੈ ਕੇ ਨਗਰ ਕੌਂਸਲ ਸੰਗਰੂਰ ਦੇ ਪੁਰਾਣੇ ਦਫ਼ਤਰ ਤੱਕ ਦੀ ਸੜਕ ਲਈ 52.92 ਲੱਖ, ਪਟਿਆਲਾ ਗੇਟ ਸਥਿਤ ਕ੍ਰਿਸ਼ਨਾ ਬੁੱਕ ਡੀਪੂ ਤੋਂ ਲੈ ਕੇ ਛੋਟੇ ਚੌਂਕ ਤੱਕ ਦੀ ਸੜਕ ਨੂੰ ਨਵੇਂ ਸੀਰੀਓ ਬਣਾਉਣ ਲਈ 43. 69 ਲੱਖ ਦਾ ਠੇਕਾ ਵਿਸ਼ਵਾਸ ਬਿਲਡਰ ਮਾਨਸਾ ਨੂੰ ਦੇ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਸੇ ਬਿਲਡਰ ਨੂੰ ਸ਼ਹਿਰ ਦੀਆਂ ਹੋਰ ਖਸਤਾ ਹਾਲਤ ਅੰਦਰੂਨੀ ਸੜਕਾਂ ਨੂੰ ਬਣਾਉਣ ਦਾ ਵੀ ਕਰੀਬ 25 ਲੱਖ ਰੁਪਏ ਦਾ ਵੱਖਰਾ ਠੇਕਾ ਦੇ ਦਿੱਤਾ ਗਿਆ ਹੈ | ਪ੍ਰਧਾਨ ਨੇ ਦੱਸਿਆ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਜਲਦ ਸ਼ੁਰੂ ਕਰਨ ਲਈ ਵੀ ਸੰਬੰਧਤ ਬਿਲਡਰ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬਣੀਆਂ ਸਰਕਾਰੀ ਇਮਾਰਤਾਂ ਅੰਦਰ ਬਰਸਾਤਾਂ ਦੇ ਪਾਣੀ ਦੇ ਨਿਕਾਸੀ ਲਈ ਚੈਂਬਰ ਬਣਾਉਣ ਸੰਬੰਧੀ ਭਵਾਨੀ ਕੰਸਟਰੱਕਸ਼ਨ ਕੰਪਨੀ ਸੁਨਾਮ ਨੂੰ ਕਰੀਬ 45 ਲੱਖ ਰੁਪਏ ਦਾ ਠੇਕਾ ਦੇ ਕੇ ਕੰਮ ਸ਼ੁਰੂ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਦੀ ਬਿਹਤਰੀ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਪਰ ਕੁਝ ਲੋਕ ਆਪਣੀ ਸੋੜੀ ਸਿਆਸਤ ਨੂੰ ਚਮਕਾਉਣ ਲਈ ਨਗਰ ਕੌਂਸਲ ਸੰਗਰੂਰ ਵਲੋਂ ਕੀਤੇ ਜਾ ਰਹੇ ਹਰੇਕ ਕੰਮ ਨੂੰ ਨਿੰਦ ਰਹੇ ਹਨ |
ਸ਼ਹਿਰ ਸੰਗਰੂਰ ਦੀਆਂ ਖਸਤਾ ਹਾਲਤ ਸੜਕਾਂ ਨੂੰ ਨਵੀਆਂ ਬਣਾਉਣ ਦਾ ਕੰਮ ਅਗਲੇ ਹਫ਼ਤੇ ਤੱਕ ਹੋਵੇਗਾ ਸ਼ੁਰੂ - ਪ੍ਰਧਾਨ ਭੁਪਿੰਦਰ ਸਿੰਘ ਨਹਿਲ
ਅਜੀਤ ਡੈਸਕ
24-10-2025