ਭਵਾਨੀਗੜ੍ਹ, 23 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਲੰਘੀ ਦੇਰ ਰਾਤ ਇਲਾਜ ਕਰਾਉਣ ਆਏ ਕੁੱਝ ਨੌਜਵਾਨਾਂ ਵਲੋਂ ਡਿਊਟੀ ਨਰਸ ਨਾਲ ਮਾੜਾ ਵਿਵਹਾਰ ਕਰਨ ਅਤੇ ਵਾਰਡ ਸਹਾਇਕ 'ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਜ਼ਖ਼ਮੀ ਹਾਲਤ ਵਿਚ ਵਾਰਡ ਸਹਾਇਕ ਪਿੰਡ ਫੰਮਣਵਾਲ ਦੇ ਵਾਸੀ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਉਹ ਹਸਪਤਾਲ ਵਿਚ ਡਿਊਟੀ ਕਰ ਰਿਹਾ ਸੀ, ਇਸੇ ਦੌਰਾਨ ਕੁੱਝ ਨੌਜਵਾਨ ਇੱਕ ਨੌਜਵਾਨ ਨੂੰ ਲੈ ਕੇ ਆਏ, ਜਿਨ੍ਹਾਂ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ | ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਉਸ ਦਾ ਚੈੱਕਅਪ ਕਰਨਾ ਸ਼ੁਰੂ ਕਰਦਿਆਂ ਦੱਸਿਆ ਕਿ ਕੋਈ ਗੰਭੀਰ ਗੱਲ ਨਾ ਲੱਗੀ, ਉਸ ਦੇ ਜਲਨ ਗ਼ਲਤ ਖਾਣ ਪੀਣ ਨਾਲ ਹੋ ਰਹੀ ਸੀ | ਉਸ ਨੇ ਮਰੀਜ਼ ਨੂੰ ਖਾਣ ਪੀਣ ਬਾਰੇ ਪੁੱਛਿਆ ਤਾਂ ਪੀੜਤ ਦੇ ਦੱਸਣ ਅਨੁਸਾਰ ਉਨ੍ਹਾਂ, ਉਸ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਗੱਲ ਵੀ ਦੱਸੀ | ਉਨ੍ਹਾਂ ਦੱਸਿਆ ਕਿ ਉਸ ਨੇ ਮਰੀਜ਼ ਨੂੰ ਬੈੱਡ 'ਤੇ ਪਾ ਕੇ ਡਿਊਟੀ ਨਰਸ ਨੂੰ ਉਸ ਦੇ ਟੀਕਾ ਵਗ਼ੈਰਾ ਲਗਾਉਣ ਲਈ ਕਿਹਾ | ਜਦੋਂ ਨਰਸ ਟੀਕਾ ਲਗਾਉਣ ਗਈ, ਤਾਂ ਪੀੜਤ ਦੇ ਦੱਸਣ ਅਨੁਸਾਰ ਨੌਜਵਾਨਾਂ ਜਿਨ੍ਹਾਂ 'ਤੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਸੀ, ਨੇ ਨਰਸ ਨੂੰ ਗਾਲ਼ੀ ਗਲੋਚ ਕਰਨਾ ਸ਼ੁਰੂ ਕਰਦਿਆਂ ਉਸ ਵਲੋਂ ਰੋਕਣ 'ਤੇ ਉਨ੍ਹਾਂ ਉਸ 'ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕਰਕੇ ਦੰਦ ਤੋੜ ਕੇ ਅਤੇ ਨੱਕ 'ਤੇ ਸੱਟਾਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਸ ਦੇ ਤੁਰੰਤ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਂਦਿਆਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ | ਇਸੇ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਜ਼ਖ਼ਮੀ ਅਵਤਾਰ ਸਿੰਘ ਦੇ ਬਿਆਨ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ | ਇਹ ਵੀ ਪਤਾ ਲੱਗਿਆ ਹੈ, ਕਿ ਨੌਜਵਾਨਾਂ ਵਲੋਂ ਕੁੱਟਮਾਰ ਕਰਨ ਦੀ ਰਿਕਾਰਡਿੰਗ ਹਸਪਤਾਲ ਵਿਚ ਲੱਗੇ ਕੈਮਰਿਆਂ ਵਿਚ ਆ ਗਈ | ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਕਿ ਪੁਲਿਸ ਵਲੋਂ ਹਸਪਤਾਲ ਵਿਚ ਕੈਮਰਿਆਂ ਦੀ ਰਿਕਾਰਡਿੰਗ ਨੂੰ ਘੋਖ ਕੇ ਨੌਜਵਾਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਨੌਜਵਾਨ ਜਿਸ ਗੱਡੀ ਵਿਚ ਆਏ ਸਨ, ਕਿਧਰੋਂ ਆਏ ਸਨ, ਬਾਰੇ ਵੀ ਸ਼ਹਿਰ 'ਤੇ ਲੱਗੇ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ | ਇਸ ਸਬੰਧੀ ਥਾਣਾ ਮੁਖੀ ਮਾਲਵਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਖ਼ਮੀ ਦੇ ਬਿਆਨ ਲੈ ਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਵੀ ਦੱਸਣ ਯੋਗ ਹੈ, ਕਿ ਇਸੇ ਹਸਪਤਾਲ ਵਿਚ 1 ਸਤੰਬਰ ਨੂੰ ਹਸਪਤਾਲ ਦੇ ਡਾਕਟਰ 'ਤੇ ਕਾਤਲਾਨਾ ਹਮਲਾ ਕਰਕੇ ਉਸ ਤੋਂ ਨਕਦੀ ਅਤੇ ਗਹਿਣੇ ਲੁੱਟ ਕੇ ਲੈ ਗਏ ਸਨ, ਜਿਸ ਦੇ ਜਿੰਮੇਵਾਰਾਂ ਨੂੰ ਭਾਵੇਂ ਪੁਲਿਸ ਵਲੋਂ ਕਾਬੂ ਕਰ ਲਿਆ ਸੀ, ਪਰ ਕਰੀਬ ਡੇਢ ਮਹੀਨੇ ਵਿਚ ਹਸਪਤਾਲ ਵਿਚ ਹਮਲਾ ਕਰਨ ਦੀ ਦੂਜੀ ਘਟਨਾ ਦਾ ਵਾਪਰਨਾ ਕਈ ਸਵਾਲ ਖੜੇ ਕਰਦਾ ਹੈ | ਇਹ ਵੀ ਦੱਸਣਯੋਗ ਹੈ, ਕਿ ਹਸਪਤਾਲ ਤੋਂ ਥਾਣਾ ਮਹਿਜ਼ 200 ਮੀਟਰ ਦੀ ਦੂਰੀ 'ਤੇ ਹੋਣ ਦੇ ਬਾਵਜੂਦ ਵੀ ਹਸਪਤਾਲ ਵਿਚ ਡਿਊਟੀ ਕਰਦੇ ਡਾਕਟਰ ਜਾਂ ਹੋਰ ਕਰਮਚਾਰੀਆਂ ਨਾਲ ਇਸ ਤਰ੍ਹਾਂ ਦੀਆਂ ਵਾਰਦਾਤਾਂ ਹਸਪਤਾਲ ਦੀ ਸੁਰੱਖਿਆ 'ਤੇ ਪ੍ਰਸ਼ਨ ਚਿੰਨ੍ਹ ਹਨ | ਹਸਪਤਾਲ ਦੇ ਡਾਕਟਰਾਂ ਅਤੇ ਕਰਮਚਾਰੀਆਂ ਨੇ ਪੁਲਿਸ ਅਧਿਕਾਰੀਆਂ ਤੋਂ ਹਸਪਤਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ |