ਸੰਗਰੂਰ, 5 ਨਵੰਬਰ (ਧੀਰਜ ਪਸ਼ੌਰੀਆ) - ਜੱਜ ਮਨੂੰ ਸਿੰਗਲਾ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਮੁੱਦਈ ਪੱਖ ਕਰੋਪ ਔਰਗੇਨਿਕ ਪ੍ਰਾਈਵੇਟ ਲਿਮਟਿਡ ਸੂਲਰਘਰਾਟ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਕੀੜੇਮਾਰ ਦਵਾਈਆਂ ਦਾ ਕਾਰੋਬਾਰ ਕਰਦੇ ਹਨ | ਮਹੇਸ਼ ਕੁਮਾਰ ਹੰਸ ਵਾਸੀ ਭੁੰਨਾ ਮੰਡੀ (ਹਰਿਆਣਾ) ਉਨ੍ਹਾਂ ਤੋਂ ਦਵਾਈਆਂ ਦੀ ਖ਼ਰੀਦੋ ਫ਼ਰੋਖ਼ਤ ਕਰਦਾ ਸੀ | ਅਕਤੂਬਰ 2020 ਵਿਚ ਮਹੇਸ਼ ਕੁਮਾਰ ਨੇ ਦੇਣਦਾਰੀ ਕਲੀਅਰ ਕਰਨ ਲਈ 13,50,400 ਰੁਪਏ ਦਾ 1 ਦਸੰਬਰ 2020 ਤਾਰੀਖ਼ ਦਾ ਚੈੱਕ ਕੱਟ ਦਿੱਤਾ | ਜਦੋਂ ਇਸ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਭੇਜਿਆ ਗਿਆ ਤਾਂ ਇਹ ਚੈੱਕ ਖਾਤੇ ਵਿਚ ਲੋੜੀਂਦਾ ਬਕਾਇਆ ਨਾ ਹੋਣ ਕਾਰਨ ਬਾਉਂਸ ਹੋ ਗਿਆ ਜਿਸ ਦੀ ਅਦਾਲਤ ਵਿਚ ਸ਼ਿਕਾਇਤ ਕੀਤੀ ਗਈ | ਅਦਾਲਤ ਵਿਚ ਹੋਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਮਹੇਸ਼ ਕੁਮਾਰ ਹੰਸ ਨੇ ਦੱਸਿਆ ਕਿ ਉਨ੍ਹਾਂ ਦੇ ਵਕੀਲ ਕੁਲਦੀਪ ਜੈਨ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਉਸ ਨੂੰ ਬਰੀ ਕੀਤਾ ਗਿਆ ਹੈ |