ਮੂਣਕ,3 ਦਸੰਬਰ (ਵਰਿੰਦਰ ਭਾਰਦਵਾਜ)-ਪੰਜਾਬ ਵਿਧਾਨ ਸਭਾ ਦੇ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਮੌਕ ਸ਼ੈਸ਼ਨ ਲਈ ਕਾਬਲੀਅਤ ਨੂੰ ਬਾਰੀਕੀ ਨਾਲ ਦੇਖਦੇ ਹੋਏ ਹਲਕਾ ਲਹਿਰਾ ਗਾਗਾ ਦੀ ਸਬ ਡਵੀਜ਼ਨ ਮੂਣਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾਂ ਦੇ ਵਿਦਿਆਰਥੀ ਮੋਹਿਤ ਸਿੰਘ ਸਪੁੱਤਰ ਤਰਸੇਮ ਸਿੰਘ ਨੂੰ ਚੁਣਿਆ ਗਿਆ | ਇਸ ਵਿਦਿਆਰਥੀ ਵਲੋਂ ਪਹਿਲਾਂ ਲਗਾਏ ਗਏ ਵਿਧਾਨ ਸਭਾ ਦੇ ਸਿਖਲਾਈ ਮੌਕ ਸੈਸ਼ਨ ਦੌਰਾਨ ਹਲਕਾ ਲਹਿਰਾ ਗਾਗਾ ਤੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਥਾਂ ਤੇ ਭਾਗ ਲਿਆ ਗਿਆ | ਸਿਖਲਾਈ ਸੈਸ਼ਨ ਦੌਰਾਨ ਵਿਦਿਆਰਥੀ ਮੋਹਿਤ ਸਿੰਘ ਵੱਲੋਂ ਵਿਰੋਧੀ ਧਿਰ ਦੇ ਐਮ.ਐਲ.ਏ.ਬਣੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਸਹੀ ਉਤਰ ਵੀ ਦਿੱਤੇ ਗਏ | ਇਸ ਵਿਸ਼ੇਸ਼ ਸੈਸ਼ਨ ਵਿਚ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿਚੋਂ 11 ਵੀਂ ਤੇ 12 ਵੀਂ ਜਮਾਤ ਦੇ ਵਿਦਿਆਰਥੀ ਬਤੌਰ ਐਮ.ਐਲ.ਏ. ਹਿੱਸਾ ਲੈ ਰਹੇ ਹਨ ਜੋ ਐਮ.ਐਲ.ਏ. ਦੀ ਤਰ੍ਹਾਂ ਸਵਾਲਾਂ ਦੇ ਜਬਾਵ ਦੇਣਗੇ | ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਇਸ ਵਿਲੱਖਣ ਤੇ ਸ਼ਾਨਦਾਰ ਪਹਿਲ ਕਦਮੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ | ਸ.ਸ.ਸ.ਸ. ਬੰਗਾਂ (ਸੰਗਰੂਰ) ਦੇ ਪਿ੍ੰਸੀਪਲ ਜਿਤਵੇਸ਼ ਕੁਮਾਰ, ਸਕੂਲ ਇੰਚਾਰਜ ਹਰਬੰਸ ਸਿੰਘ ਅਤੇ ਤੇਜਿੰਦਰ ਸਿੰਘ ਲੈਕਚਰਾਰ ਪੁਲਿਟੀਕਲ ਸਾਇੰਸ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੀ ਪਹਿਲ ਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਸ਼ਲਾਘਾਯੋਗ ਕਦਮ ਹੈ | ਇਸ ਨਾਲ ਵਿਦਿਆਰਥੀਆਂ ਵਿਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਵਿਕਾਸ ਹੋਵੇਗਾ ਅਤੇ ਵਿਦਿਆਰਥੀ ਕਾਨੂੰਨ ਦੇ ਪਾਬੰਦ ਬਣਨਗੇ, ਉਹ ਲੋਕਤੰਤਰ ਦੇ ਇਸ ਮੰਦਰ ਵਿਧਾਨ ਸਭਾ ਵਿਚ ਕਿਸ ਤਰ੍ਹਾਂ ਕਾਨੂੰਨ ਅਤੇ ਨੀਤੀਆਂ ਬਣਦੀਆਂ ਹਨ ਵਾਰੇ ਜਾਣੂ ਹੋਣਗੇ |