ਅਮਰਗੜ, 4 ਦਸੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਹਲਕਾ ਅਮਰਗੜ'ਚ ਰਾਜਨੀਤਿਕ ਗਤੀਵਿਧੀਆਂ ਹੋਰ ਤੇਜ਼ ਹੋ ਗਈਆਂ, ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਉਮੀਦਵਾਰ ਹਰਦੀਪ ਸਿੰਘ ਨਾਰੀਕੇ ਨੇ ਜ਼ਿਲਾ ਪ੍ਰੀਸ਼ਦ ਲਈ ਮੰਨਵੀ ਜੌਨ ਤੋਂ ਆਪਣੇ ਨਾਮਜ਼ਦਗੀ ਪੱਤਰ ਬੜੇ ਜ਼ੋਰ-ਸ਼ੋਰ ਨਾਲ ਦਾਖਲ ਕੀਤੇ | ਨਾਮਜ਼ਦਗੀ ਦਾਖਲ ਕਰਨ ਦੌਰਾਨ ਉਨਾਂ ਦੇ ਨਾਲ ਮਨਿੰਦਰ ਸਿੰਘ, ਗੁਰਜੀਤ ਸਿੰਘ ਅਤੇ ਲੱਖਾਂ ਸਿੰਘ ਸਮੇਤ ਕਈ ਹੋਰ ਸਥਾਨਕ ਲੀਡਰ ਅਤੇ ਸਮਰਥਕ ਵੀ ਮੌਜੂਦ ਰਹੇ | ਖੇਤਰ ਦੀਆਂ ਭਲਾਈ ਸਕੀਮਾਂ ਨੂੰ ਅੱਗੇ ਵਧਾਉਣ ਅਤੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਪ੍ਰੀਸ਼ਦ ਤੱਕ ਪਹੁੰਚਾਉਣ ਦਾ ਵਾਅਦਾ ਕਰਦੇ ਹੋਏ ਨਾਰੀਕੇ ਨੇ ਕਿਹਾ ਕਿ ਉਹ ਇਮਾਨਦਾਰੀ, ਪੱਕੇ ਇਰਾਦੇ ਅਤੇ ਲੋਕ ਸੇਵਾ ਦੀ ਰਾਜਨੀਤੀ ਨੂੰ ਤਰਜੀਹ ਦੇਣਗੇ | ਨਾਰੀਕੇ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਉਸ ਨੰੂ ਪਾਰਟੀ ਦਾ ਉਮੀਦਵਾਰ ਬਣਾਉਣ ਲਈ ਧੰਨਵਾਦ ਕੀਤਾ ਤੇ ਆਖਿਆ ਕਿ ਉਹ ਤਨਦੇਹੀ ਨਾਲ ਚੋਣ ਲੜਕੇ ਜ਼ਿਲਾ ਪ੍ਰੀਸ਼ਦ ਮੰਨਵੀ ਜੌਨ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਸਥਾਨਕ ਵਾਸੀਆਂ ਵਲੋਂ ਵੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਲਈ ਵਧੀਆ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨਾਲ ਹਲਕੇ 'ਚ ਚੋਣੀ ਹਵਾ ਹੋਰ ਗਰਮ ਹੋ ਗਈ ਹੈ |