ਮਮਦੋਟ, 17 ਜੂਨ (ਸੁਖਦੇਵ ਸਿੰਘ ਸੰਗਮ)-ਸਰਕਾਰਾਂ ਤੇ ਆਸ ਨਾ ਰੱਖਦੇ ਹੋਏ ਕਿਸਾਨਾਂ ਵਲੋਂ ਵਧ ਰਹੇ ਖੇਤੀ ਲਾਗਤ ਖ਼ਰਚਿਆਂ ਨੂੰ ਦੇਖਦੇ ਹੋਏ ਆਪਣੀਆਂ ਜ਼ਮੀਨਾਂ ਵਿਚ ਦੋ ਤੋ ਵਧੇਰੇ ਫ਼ਸਲਾਂ ਬੀਜ ਕੇ ਚੰਗਾ ਮੁਨਾਫ਼ਾ ਕਮਾਇਆ ਜਾਣ ਲੱਗਾ ਹੈ | ਮਮਦੋਟ ਇਲਾਕੇ ਦੇ ਪਿੰਡ ਬੁਰਜੀ, ਛਾਂਗਾ ਖ਼ੁਰਦ, ਮੱਤੜ ਉਤਾੜ, ਤਰਿੱਡਾ, ਜੋਧਪੁਰ, ਜਤਾਲਾ ਅਤੇ ਪਿੰਡ ਚਪਾਤੀ ਸਮੇਤ ਹੋਰਨਾਂ ਪਿੰਡਾਂ ਵਿਚ ਵੀ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਤੋਂ ਪਹਿਲਾਂ ਮੱਕੀ ਦੀ ਕਾਸ਼ਤ ਕੀਤੀ ਜਾਣ ਲੱਗੀ ਹੈ | ਕਾਸ਼ਤਕਾਰ ਕਿਸਾਨਾਂ ਵਲੋਂ ਕਣਕ ਅਤੇ ਝੋਨੇ ਦੀ ਬਿਜਾਈ ਦੇ ਵਿਚਾਲੇ ਮੱਕੀ ਦੀ ਫ਼ਸਲ ਬੀਜੀ ਜਾ ਰਹੀ ਹੈ ਜੋ ਕਿ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਲੂਆਂ ਦੀ ਪੁਟਾਈ ਜਾਂ ਕਣਕ ਦੀ ਕਟਾਈ ਤੋਂ ਬਾਅਦ ਮੱਕੀ ਦੀ ਫ਼ਸਲ ਬੀਜੀ ਜਾਂਦੀ ਹੈ ਜੋ ਕਿ ਜਿੱਥੇ ਪਸ਼ੂਆਂ ਲਈ ਆਚਾਰ(ਚਾਰਾ) ਪਾਉਣ ਦੇ ਕੰਮ ਆਉਂਦੀ ਹੈ ਉੱਥੇ ਛੱਲੀਆਂ ਪਕਾਉਣ ਉਪਰੰਤ ਮੰਡੀ ਵਿਚ ਵੇਚ ਕੇ ਵੀ ਚੰਗੀ ਆਮਦਨ ਲਈ ਜਾ ਰਹੀ ਹੈ | ਮੱਕੀ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਆਚਾਰ ਲਈ ਖੇਤ ਵਿਚ ਖੜੀ ਮੱਕੀ 55 ਤੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਵਿਕ ਰਹੀ ਹੈ ਜਦਕਿ ਛੱਲੀਆਂ ਪਕਾਉਣ ਉਪਰੰਤ ਇਹ ਫ਼ਸਲ ਕਰੀਬ 80 ਮਣ ਪ੍ਰਤੀ ਏਕੜ ਦਾ ਝਾੜ ਦਿੰਦੀ ਜੋ ਕਿ ਘੱਟੋ-ਘੱਟ 70 ਹਜ਼ਾਰ ਰੁਪਏ ਦੀ ਇਕ ਏਕੜ ਵਿਚੋਂ ਨਿਕਲਦੀ ਹੈ | ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਕਟਾਈ ਤੋਂ ਬਾਅਦ ਘੱਟ ਪਾਣੀ ਲੈਣ ਵਾਲੀ ਝੋਨੇ ਦੀ ਫ਼ਸਲ ਬੀਜ ਕੇ ਦੂਜੀਆਂ ਕਿਸਮਾਂ ਦੇ ਬਰਾਬਰ ਝਾੜ ਲਿਆ ਜਾ ਸਕਦਾ ਹੈ ਅਤੇ ਇਸ ਨਾਲ ਪਾਣੀ ਦੀ ਵੀ ਕਾਫ਼ੀ ਹੱਦ ਤੱਕ ਬੱਚਤ ਹੁੰਦੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਫ਼ਸਲੀ ਵਿਭਿੰਨਤਾ ਲਈ ਕੋਈ ਠੋਸ ਕਦਮ ਉਠਾ ਕੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਹੰਭਲਾ ਮਾਰੇ ਤਾਂ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਵੀ ਹੋ ਹੋਵੇਗਾ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਹੇਠਾਂ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਇਸ ਵਾਰ ਸੂਬਾ ਸਰਕਾਰ ਵਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 2225 ਰੁਪਏ ਪ੍ਰਤੀ ਕੁਇੰਟਲ ਤਹਿ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਪ੍ਰਤੀ ਏਕੜ 5 ਹਜ਼ਾਰ ਰੁਪਏ ਏਕੜ ਦੇ ਵੱਖਰੇ ਤੌਰ 'ਤੇ ਹੋਰ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਭਾਅ ਤਹਿ ਕਰਨ ਦੇ ਬਾਵਜੂਦ ਵੀ ਮੱਕੀ ਦੀ ਸਰਕਾਰੀ ਖ਼ਰੀਦ ਨਾ-ਮਾਤਰ ਹੀ ਕੀਤੀ ਜਾਂਦੀ ਹੈ ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਆਪਣੀ ਫ਼ਸਲ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਵੇਚਣੀ ਪੈਂਦੀ ਹੈ ਜੋ ਕਿ ਸਮਰਥਨ ਮੁੱਲ ਤੋਂ ਕਾਫ਼ੀ ਥੱਲੇ ਵਿਕਦੀ ਹੈ ਕਿਸਾਨਾਂ ਦੀ ਮੰਗ ਹੈ ਕਿ ਮੱਕੀ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਵੇ |