19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰਹੱਦ ਪਾਰ ਤੋਂ ਡਰੋਨ ਰਾਹੀਂ ਹੁੰਦੀ ਨਸ਼ਾ ਤਸਕਰੀ ਰੋਕਣ ਲਈ ਪੰਜਾਬ ਪੁਲਿਸ ਹੋਣ ਜਾ ਰਹੀ ਹਾਈਟੈਕ

ਅਜੀਤ ਡੈਸਕ 18-06-2025
ਫ਼ਿਰੋਜ਼ਪੁਰ, 17 ਜੂਨ (ਗੁਰਿੰਦਰ ਸਿੰਘ)-ਸਰਹੱਦ ਪਾਰ ਤੋਂ ਡਰੋਨ ਰਾਹੀਂ ਹੁੰਦੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਰਹੱਦੀ ਜ਼ਿਲਿ੍ਹਆਂ ਵਿਚ ਰੱਖਿਆ ਦੀ ਦੂਜੀ ਕਤਾਰ ਵਜੋਂ ਪੰਜਾਬ ਪੁਲਿਸ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ | ਫ਼ਿਰੋਜ਼ਪੁਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਬੈਠੇ ਨਸ਼ਾ ਤਸਕਰਾਂ ਵਲੋਂ ਪਹਿਲਾਂ ਨਸ਼ਿਆਂ ਦੀ ਖੇਪ ਭਾਰਤੀ ਖੇਤਰ ਅੰਦਰ ਭੇਜਣ ਲਈ ਵੱਡੇ ਡਰੋਨਾਂ ਜਿਨ੍ਹਾਂ ਦੀ 15 ਕਿੱਲੋ ਤੋਂ ਵੱਧ ਭਾਰ ਚੁੱਕਣ ਦੀ ਸਮਰੱਥਾ ਹੁੰਦੀ ਸੀ, ਦੀ ਵਰਤੋਂ ਕੀਤੀ ਜਾਂਦੀ ਸੀ | ਜਿਸ ਨੂੰ ਫ਼ੌਜ ਵਲੋਂ ਭਾਰਤੀ ਖੇਤਰ ਵਿਚ ਦਾਖਲ ਹੋਣ 'ਤੇ ਸੁੱਟ ਲਿਆ ਜਾਂਦਾ ਸੀ | ਜਿਸ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ | ਜਿਸ ਉਪਰੰਤ ਤਸਕਰਾਂ ਵਲੋਂ ਮੀਡੀਅਮ ਸਾਈਜ਼ ਦੇ ਡਰੋਨਾਂ ਦੀ ਵਰਤੋਂ ਨਸ਼ਿਆਂ ਦੀ ਸਪਲਾਈ ਲਈ ਸ਼ੁਰੂ ਕੀਤੀ, ਉਨ੍ਹਾਂ ਨੂੰ ਵੀ ਸਾਡੇ ਵਲੋਂ ਅਸਫਲ ਕਰ ਦੇਣ ਤੋਂ ਬਾਅਦ ਹੁਣ ਨਸ਼ਾ ਤਸਕਰਾਂ ਵਲੋਂ ਛੋਟੇ ਡਰੋਨਾਂ ਰਾਹੀਂ ਹੈਰੋਇਨ ਦੀ ਸਪਲਾਈ ਆਰੰਭ ਦਿੱਤੀ ਹੈ | ਜਿਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਹੁਣ ਪੰਜਾਬ ਪੁਲਿਸ ਨੂੰ ਵੀ ਸੈਕਿੰਡ ਲਾਈਨ ਡਿਫੈਂਸ ਵਜੋਂ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਕੁੱਲ 9 ਐਂਟੀ ਡਰੋਨ ਸਿਸਟਮ ਖਰੀਦ ਕੀਤੇ ਗਏ ਹਨ | ਜਿਨ੍ਹਾਂ ਵਿਚੋਂ 4 ਫ਼ਿਰੋਜ਼ਪੁਰ ਬਾਰਡਰ ਰੇਂਜ ਅਧੀਨ ਆਉਂਦੇ ਫ਼ਿਰੋਜ਼ਪੁਰ, ਫਾਜ਼ਿਲਕਾ ਤੇ ਤਰਨਤਾਰਨ ਜ਼ਿਲਿ੍ਹਆਂ ਲਈ ਅਤੇ 5 ਅੰਮਿ੍ਤਸਰ ਬਾਰਡਰ ਰੇਂਜ ਅਧੀਨ ਆਉਂਦੇ ਅੰਮਿ੍ਤਸਰ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿ੍ਹਆਂ ਦੀ ਪੁਲਿਸ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨੂੰ ਚਲਾਉਣ ਲਈ ਫ਼ਿਰੋਜ਼ਪੁਰ ਰੇਂਜ ਅਧੀਨ ਕਾਰਜਸ਼ੀਲ ਪੰਜਾਬ ਪੁਲਿਸ ਦੇ ਉਨ੍ਹਾਂ ਨੌਜਵਾਨ ਮੁਲਾਜ਼ਮਾਂ ਜਿਨ੍ਹਾਂ ਨੂੰ ਆਈ.ਟੀ ਖੇਤਰ ਦਾ ਤਜ਼ੁਰਬਾ ਹੈ ਨੂੰ ਇਸ ਸਬੰਧੀ ਟਰੇਨਿੰਗ ਦਿਵਾਉਣ ਉਪਰੰਤ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੁੰਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਤਾਇਨਾਤ ਕੀਤਾ ਜਾਵੇਗਾ | ਇਕ ਸਵਾਲ ਦੇ ਜਵਾਬ ਵਿਚ ਡੀ. ਆਈ. ਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਤਸਕਰੀ ਦੀ ਨਿਗਰਾਨੀ ਲਈ ਅਤੇ ਸਿਸਟਮ ਨੂੰ ਚਲਾਉਣ ਲਈ ਫ਼ੌਜ, ਬੀ.ਐੱਸ.ਐੱਫ ਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ | ਜਿੱਥੋਂ ਸਰਹੱਦ ਪਾਰ ਤੋਂ ਨਸ਼ਾ ਤਸਕਰਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਝੋਨੇ ਦੀ ਲਵਾਈ ਤੋਂ ਪਹਿਲਾਂ ਮੱਕੀ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ ਕਿਸਾਨ ਅਗਲੀ ਖ਼ਬਰ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।