ਗੁਰੂਹਰਸਹਾਏ, 17 ਜੂਨ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਨਾਲ ਲਗਦੇ ਪਿੰਡ ਨਿਧਾਨਾ ਵਿਖੇ ਇਕ ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਦਿੰਦੇ ਹੋਏ ਨੌਜ਼!ਵਾਨ ਦੇ ਰਿਸ਼ਤੇਦਾਰ ਸਮਰਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਜੋਗੀ ਪੁੱਤਰ ਪੂਰਨ ਸਿੰਘ ਉਮਰ ਕਰੀਬ 25 ਸਾਲ ਦਾ ਪਿੰਡ ਨਿਧਾਨਾ ਅਤੇ ਕੁਤਬਗੜ੍ਹ ਭਾਟੇ ਦੇ ਕੁੱਝ ਵਿਅਕਤੀਆਂ ਨਾਲ ਦਸ ਹਜ਼ਾਰ ਰੁਪਏ ਦਾ ਲੈਣ ਦੇਣ ਸੀ | ਇਹ ਸਾਰੇ ਹੀ ਵਿਅਕਤੀ ਇਸ ਨੂੰ ਤੰਗ ਪਰੇਸ਼ਾਨ ਕਰਦੇ ਸਨ | ਉਨ੍ਹਾਂ ਨੇ ਇਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ | ਉਸ ਨੇ ਦੱਸਿਆ ਕਿ ਅੱਜ ਸੁਖਦੇਵ ਸਿੰਘ ਦਾ ਸਾਰਾ ਪਰਿਵਾਰ ਝੋਨਾ ਲਗਾਉਣ ਲਈ ਖੇਤ ਗਿਆ ਸੀ | ਸੁਖਦੇਵ ਸਿੰਘ ਅਤੇ ਬੱਚੇ ਘਰ ਸਨ | ਇਸ ਦੌਰਾਨ ਸੁਖਦੇਵ ਸਿੰਘ ਨੇ ਘਰ ਵਿਚ ਹੀ ਪੱਖੇ ਨਾਲ ਸਾਫ਼ਾ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਿਸ ਤੋਂ ਬੱਚਿਆਂ ਵਲੋਂ ਰੋਲਾ ਪਾਉਣ 'ਤੇ ਪਿੰਡ ਵਾਸੀ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ | ਇਸ ਮੌਕੇ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ | ਪੁਲਿਸ ਨੇ ਮੌਕੇ 'ਤੇ ਪੁੱਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਕਰਕੇ ਉਨ੍ਹਾਂ ਦੇ ਮੁੰਡੇ ਨੇ ਜਾਨ ਗਵਾਈ ਹੈ | ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਮਿ੍ਤਕ ਸੁਖਦੇਵ ਸਿੰਘ ਆਪਣੇ ਪਿੱਛੇ ਪਤੀ, ਬੱਚਿਆ ਅਤੇ ਮਾਤਾ ਪਿਤਾ ਨੂੰ ਰੋਂਦਿਆਂ ਛੱਡ ਗਿਆ ਹੈ |