ਫ਼ਿਰੋਜ਼ਪੁਰ, 17 ਜੂਨ (ਕੁਲਬੀਰ ਸਿੰਘ ਸੋਢੀ)-ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਦਾ ਚੋਣ ਪ੍ਰਚਾਰ ਪੂਰਾ ਜ਼ੋਰਾਂ 'ਤੇ ਹੈ ਅਤੇ ਵੋਟਰਾਂ ਨੂੰ ਭਰਮਾਉਣ ਲਈ ਹਰ ਪਾਰਟੀ ਵਲੋਂ ਆਪਣੇ ਅੰਦਾਜ਼ ਵਿਚ ਭਰਮਾਇਆ ਹੈ ਰਿਹਾ ਹੈ | ਲੇਕਿਨ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਆਪਣੇ ਪਿਛਲੇ ਤਿੰਨ ਸਾਲ ਦੀ ਕਾਰਗੁਜਾਰੀ ਅਤੇ ਵਿਕਾਸ ਕਾਰਜਾਂ ਨੂੰ ਲੋਕਾਂ ਅੱਗੇ ਰੱਖ ਕੇ ਵੋਟ ਮੰਗੀ ਜਾ ਰਹੀ ਹੈ | ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਆਪਣੀ ਟੀਮ ਨਾਲ ਲੁਧਿਆਣਾ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੰੁਚੇ ਹਨ | ਜਦ ਉਨ੍ਹਾਂ ਨਾਲ ਫੋਨ 'ਤੇ ਰਾਬਤਾ ਕਾਇਮ ਕਰਕੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਬਾਰੇ ਮੌਜੂਦਾ ਹਾਲਾਤ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਲੁਧਿਆਣਾ ਦਾ ਵਪਾਰੀ ਵਰਗ ਜਿੱਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਾਫ ਸੁਥਰੀ ਰਾਜਨੀਤੀ ਤੋਂ ਪ੍ਰਭਾਵਿਤ ਹੈ | ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਅਤੇ ਨਸ਼ੇ ਤੇ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਚੁੱਕੇ ਠੋਸ ਕਦਮਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਿਆ ਹੈ | ਵਿਧਾਇਕ ਭੁੱਲਰ ਨੇ ਕਿਹਾ ਕਿ ਸੂਬੇ ਭਰ ਤੋਂ 'ਆਪ' ਆਗੂ ਅਤੇ ਵਰਕਰ ਕੜਾਕੇ ਦੀ ਪੈ ਰਹੀ ਗਰਮੀ ਦੇ ਬਾਵਜੂਦ ਦਿਨ-ਰਾਤ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਦੇਖਣ ਵਿਚ ਆਇਆ ਹੈ ਕਿ ਲੁਧਿਆਣਾ ਵਾਸੀ ਵਿਕਾਸ, ਸਾਫ਼ ਸੁਥਰਾ ਮਾਹੌਲ, ਨਸ਼ਾ ਮੁਕਤ ਪੰਜਾਬ ਦੇ ਗੰਦੀ ਰਾਜਨੀਤੀ ਤੋਂ ਨਿਜਾਤ ਭਾਲਦੇ ਹਨ | ਵਿਧਾਇਕ ਭੁੱਲਰ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ ਆਪ ਦੀ ਜਿੱਤ ਪਿੱਛੋਂ ਨਾ ਸਿਰਫ਼ ਤੇਜ਼ੀ ਨਾਲ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ, ਬਲਕਿ ਪੂਰਾ ਪੰਜਾਬ ਤਰੱਕੀ ਦੇ ਰਾਹ 'ਤੇ ਚੱਲਦਾ ਦਿਖਾਈ ਦੇਵੇਗਾ |