ਮੁੱਦਕੀ, 17 ਜੂਨ (ਭਾਰਤ ਭੂਸ਼ਨ ਅਗਰਵਾਲ)-ਜੂਨ ਮਹੀਨੇ 'ਚ ਪੈ ਰਹੀ ਭਾਰੀ ਗਰਮੀ ਦੇ ਚੱਲਦਿਆਂ ਜਿੱਥੇ ਤਾਪਮਾਨ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਸੀ | ਉੱਥੇ ਬਿਜਲੀ ਦੇ ਲੱਗਦੇ ਕੱਟਾਂ ਤੋਂ ਦੁਖੀ ਲੋਕਾਂ ਦਾ ਗਰਮੀ ਕਾਰਨ ਬੁਰਾ ਬੇਹਾਲ ਸੀ | ਬੀਤੇ ਦੋ ਦਿਨਾਂ ਤੋਂ ਖ਼ਰਾਬ ਮੌਸਮ ਕਾਰਨ ਅੱਜ ਕਸਬਾ ਮੁੱਦਕੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹੋਈ ਭਾਰੀ ਬਾਰਸ਼ ਕਾਰਨ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ ਹੈ | ਉੱਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਦੇਖਣ ਨੂੰ ਮਿਲੀ ਹੈ | ਮੀਂਹ ਤੋਂ ਬਾਅਦ ਤਾਪਮਾਨ ਵਿਚ ਜਿੱਥੇ ਭਾਰੀ ਗਿਰਾਵਟ ਦਰਜ ਕੀਤੀ ਗਈ | ਉੱਥੇ ਬਿਜਲੀ ਦੀ ਮੰਗ ਵੀ ਕਾਫ਼ੀ ਘਟੀ ਹੈ | ਓਧਰ ਮੀਂਹ ਪੈਣ ਮਗਰੋਂ ਪਾਣੀ ਨਾਲ ਸ਼ਹਿਰ ਦੀਆਂ ਕਈ ਗਲੀਆਂ 'ਚ ਜਲ-ਥਲ ਹੋ ਗਈ, ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ | ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਝੋਨੇ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ, ਕਿਉਂਕਿ ਉਹ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਮੋਟਰਾਂ ਚਲਾ ਕੇ ਝੋਨੇ ਲਗਾਉਣ ਲਈ ਮਜਬੂਰ ਸਨ | ਉਨ੍ਹਾਂ ਕਿਹਾ ਕਿ ਬਾਰਿਸ਼ ਨਾਲ ਸਬਜ਼ੀਆਂ, ਮੱਕੀ ਅਤੇ ਹੋਰ ਫ਼ਸਲਾਂ ਨੂੰ ਕਾਫ਼ੀ ਲਾਭ ਹੋਇਆ ਹੈ, ਕਿਉਂਕਿ ਤਾਪਮਾਨ ਬਹੁਤ ਜ਼ਿਆਦਾ ਹੋਣ ਕਾਰਨ ਸਬਜ਼ੀਆਂ ਅਤੇ ਹੋਰ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਸੀ |