19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਕਿਯੂ ਲੱਖੋਵਾਲ ਦੇ ਮੈਂਬਰ ਨਾਲ ਲੱਖਾਂ ਰੁਪਏ ਦੀ ਟਰੈਵਲ ਏਜੰਟਾਂ ਨੇ ਮਾਰੀ ਠੱਗੀ

ਅਜੀਤ ਡੈਸਕ 18-06-2025
ਫ਼ਿਰੋਜ਼ਪੁਰ, 17 ਜੂਨ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਭਾਕਿਯੂ ਲੱਖੋਵਾਲ ਦੇ ਸੂਬਾ ਤੇ ਜ਼ਿਲ੍ਹਾ ਪੱਧਰੀ ਆਗੂਆਂ ਤੇ ਮੈਂਬਰਾਂ ਦੀ ਮਹੀਨੇਵਾਰ ਬੈਠਕ ਹੋਈ ਸੀ | ਜਿਸ ਵਿਚ ਕਿਸਾਨਾਂ ਨੂੰ ਬਿਜਲੀ ਸਪਲਾਈ ਤੇ ਨਹਿਰੀ ਪਾਣੀ ਸਬੰਧੀ ਪੇਸ਼ ਰਹੀਆਂ ਮੁਸ਼ਕਲਾਂ ਸਬੰਧੀ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ, ਉੱਥੇ ਸੂਬੇ ਦੀ ਸਰਕਾਰ ਦੇ ਵੱਡੇ ਵੱਡੇ ਕੀਤੇ ਦਾਅਵਿਆਂ ਦੀ ਪੋਲ ਖੋਲ੍ਹੀ ਗਈ | ਬੈਠਕ ਦੌਰਾਨ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਨੇ ਇਕ ਨਵੇਂ ਮਾਮਲੇ ਤੇ ਚਾਨਣਾ ਪਾਉਂਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਭਾਗੋ ਕੇ ਤੋਂ ਜਥੇਬੰਦੀ ਮੈਂਬਰ ਕੁਲਦੀਪ ਸਿੰਘ ਪੁੱਤਰ ਮਲੂਕ ਸਿੰਘ ਨਾਲ ਟਰੈਵਲ ਏਜੰਟਾਂ ਵਲੋਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਮ ਕਰੀਬ ਸਾਢੇ 27 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਹੁਣ ਉਸ ਦਾ ਪੁੱਤਰ ਨਾਜਾਇਜ਼ ਤੌਰ 'ਤੇ ਵਿਦੇਸ਼ ਵਿਚ ਰਹਿ ਰਿਹਾ ਹੈ | ਜਿਸ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਵਲੋਂ ਸਾਥ ਦੇਣ ਲਈ ਵਿਚਾਰ ਕੀਤਾ ਜਾਵੇ | ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਨੇ ਕਿਹਾ ਕਿ ਜੇਕਰ ਜਲਦ ਟਰੈਵਲ ਏਜੰਟਾਂ ਵਲੋਂ ਪੀੜਤ ਕੁਲਦੀਪ ਸਿੰਘ ਨੂੰ ਇਨਸਾਫ਼ ਨਾ ਦਿੱਤਾ ਤਾਂ ਜਥੇਬੰਦੀ ਆਪਣੇ ਹਿਸਾਬ ਨਾਲ ਮਾਮਲੇ ਦੀ ਪੈਰਵਾਈ ਕਰੇਗੀ | ਬੈਠਕ ਦੌਰਾਨ ਪਹੁੰਚੇ ਪੀੜਤ ਕਿਸਾਨ ਕੁਲਦੀਪ ਸਿੰਘ ਨੇ ਜਥੇਬੰਦੀ ਦੇ ਆਗੂਆਂ ਨੂੰ ਦੱਸਿਆ ਕਿ ਸਾਲ 2023 ਵਿਚ ਉਸ ਨੇ ਆਪਣੇ ਲੜਕੇ ਸ਼ਰਨਜੀਤ ਸਿੰਘ ਨੂੰ ਪਿੰਡ ਰੁਕਨੇ ਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਟਰੈਵਲ ਏਜੰਟ ਗੁਰਜੰਟ ਸਿੰਘ ਅਤੇ ਰਛਪਾਲ ਸਿੰਘ ਨਾਮਕ ਦੇ ਜਰੀਏ ਯੂ.ਕੇ ਦਾ ਵਰਕ ਪਰਮਿਟ ਦਾ ਵੀਜ਼ਾ ਲਗਵਾ ਕੇ ਅਕਤੂਬਰ 2023 ਵਿਚ ਭੇਜਿਆ ਸੀ, ਜਿਸ ਲਈ ਉਨ੍ਹਾਂ ਨੇ 26 ਲੱਖ ਰੁਪਏ ਵਿਚ 5 ਸਾਲ ਦਾ ਵੀਜ਼ਾ ਤੇ ਵਰਕ ਪਰਮਿਟ ਲਗਵਾ ਕੇ ਦੇਣਾ ਸੀ, ਪਰ ਅਜਿਹਾ ਨਹੀਂ ਹੋਇਆ ਤੇ ਵਰਕ ਪਰਮਿਟ ਛੇ ਮਹੀਨਿਆਂ ਪਿੱਛੋਂ ਹੀ ਖ਼ਤਮ ਹੋ ਗਿਆ | ਪੀੜਤ ਨੇ ਦੱਸਿਆ ਕਿ ਜਦ ਉਸ ਨੇ ਉਕਤ ਵਿਅਕਤੀਆਂ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਕਿਹਾ ਕਿ ਅਸੀਂ ਦੁਬਾਰਾ ਵੀਜ਼ਾ ਲਗਵਾ ਦਿੰਦੇ ਹਾਂ ਤੇ ਕਰੀਬ ਡੇਢ ਲੱਖ ਰੁਪਏ ਹੋ ਲੈ ਲਏ ਤੇ ਕਰੀਬ 6 ਮਹੀਨੇ ਦਾ ਵੀਜ਼ਾ ਲਗਵਾ ਦਿੱਤਾ, ਜੋ ਖ਼ਤਮ ਹੋ ਚੁੱਕਿਆ ਹੈ ਤੇ ਹੁਣ ਮੇਰਾ ਪੁੱਤਰ ਨਜਾਇਜ਼ ਤੌਰ 'ਤੇ ਯੂ.ਕੇ ਵਿਖੇ ਰਹਿ ਰਿਹਾ ਹੈ | ਪੀੜਤ ਕਿਸਾਨ ਕੁਲਦੀਪ ਸਿੰਘ ਨੇ ਜਥੇਬੰਦੀ ਅੱਗੇ ਫ਼ਰਿਆਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਟਰੈਵਲ ਏਜੰਟਾਂ ਵਿਰੁੱਧ ਮੋਰਚਾ ਖੋਲ੍ਹ ਕੇ ਇਨਸਾਫ਼ ਦਿਵਾਓ, ਕਿਉਂਕਿ ਇਨ੍ਹਾਂ ਨੇ ਮੇਰੇ ਨਾਲ ਵੀਜ਼ੇ ਅਤੇ ਵਰਕ ਪਰਮਿਟ ਦੇ ਨਾਮ ਤੇ ਠੱਗੀ ਮਾਰੀ ਹੈ | ਉਕਤ ਟਰੈਵਲ ਏਜੰਟਾਂ ਨਾਲ ਸੰਪਰਕ ਨਾ ਹੋਣ ਕਰਕੇ ਪੱਖ ਨਹੀਂ ਜਾਣਿਆ ਗਿਆ | ਇਸ ਮੌਕੇ ਵੱਡੀ ਸੰਖਿਆ ਵਿਚ ਹਾਜ਼ਰ ਜਥੇਬੰਦੀ ਦੇ ਆਗੂਆਂ ਤੇ ਮੈਂਬਰਾਂ ਨੇ ਮਤਾ ਪਾਸ ਕਰਕੇ ਕੁਲਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਦੀ ਹਾਮੀ ਭਰੀ |
ਪਿਛਲੀ ਖ਼ਬਰ ਯੂਥ ਕਸ਼ਯਪ ਰਾਜਪੂਤ ਸਭਾ ਦੀ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਮੌਸਮ ਹੋਇਆ ਸੁਹਾਵਣਾ, ਕਿਸਾਨਾਂ ਦੇ ਚਿਹਰਿਆਂ 'ਤੇ ਆਈ ਰੌਣਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।