ਜ਼ੀਰਾ,17 ਜੂਨ (ਰਜਨੀਸ਼ ਕਥੂਰੀਆ)-ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਦਿਨ ਪ੍ਰਤੀ ਦਿਨ ਘਟਦੇ ਜਾਣਾ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ, ਇਸ ਦੀ ਵਰਤੋਂ ਅਤੇ ਬਚਾਓ ਸਬੰਧੀ ਹਰੇਕ ਵਿਅਕਤੀ ਨੂੰ ਸੁਹਿਰਦ ਹੋਣ ਦੀ ਲੋੜ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਹੋਰ ਫ਼ਸਲਾਂ ਤੇ ਐੱਮ.ਐੱਸ.ਪੀ. ਨਾ ਮਿਲਣ ਕਾਰਨ ਮਜਬੂਰੀ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ | ਇਹ ਸਾਰੇ ਹੀ ਜਾਣਦੇ ਹਨ ਕਿ ਝੋਨੇ ਦੀ ਬਿਜਾਈ ਅਤੇ ਇਸ ਤੋਂ ਬਾਅਦ ਝੋਨੇ ਦੇ ਪੱਕਣ ਤੱਕ ਝੋਨੇ ਨੂੰ ਭਾਰੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਪਰ ਕਿਸਾਨਾਂ ਤੋਂ ਇਲਾਵਾ ਹਰ ਇਨਸਾਨ ਨੂੰ ਪਾਣੀ ਦੀ ਵਰਤੋਂ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਪਾਣੀ ਦੀ ਬੱਚਤ ਕਰਦਿਆਂ ਇਸ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ | ਉਹਨਾਂ ਕਿਹਾ ਕਿ ਜੇਕਰ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਧਰਤੀ ਹੇਠਲਾ ਪਾਣੀ ਥੋੜੇ੍ਹ ਸਮੇਂ ਲਈ ਹੀ ਰਹਿ ਗਿਆ ਹੈ, ਜੇਕਰ ਅਸੀਂ ਅਜੇ ਵੀ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪੀਣ ਲਈ ਵੀ ਪਾਣੀ ਨਹੀਂ ਮਿਲੇਗਾ |