ਗੁਰੂਹਰਸਹਾਏ, 17 ਜੂਨ (ਹਰਚਰਨ ਸਿੰਘ ਸੰਧੂ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਐੱਸ.ਈ. ਡਰੇਨ ਵਿਭਾਗ ਫ਼ਿਰੋਜ਼ਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਫਿੱਡਾ ਆਊਟਫਾਲ ਡਰੇਨ ਦਿਲਾ ਰਾਮ-ਪ੍ਰਗਟ ਸਾਹਿਬ ਨੂੰ ਜਾਂਦੀ ਹੈ, ਜਿਸ ਦੀ ਸਫ਼ਾਈ ਨਾ ਹੋਣ ਕਾਰਨ ਘਾਹ-ਫੂਸ ਅਤੇ ਕਲਾਲ ਬੂਟੀ ਪੂਰੀ ਤਰ੍ਹਾਂ ਭਰੀ ਹੋਈ ਹੈ | ਹਾਲਾਤ ਇਹ ਹਨ ਕਿ ਇਸ ਡਰੇਨ ਤੋਂ ਪਿੰਡ ਹਾਮਿਦ ਅਤੇ ਗੁਰਦੁਆਰਾ ਪ੍ਰਗਟ ਸਾਹਿਬ ਦੇ ਕੋਲੋਂ ਲਾਧੂਕਾ ਨਹਿਰ ਅਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਉੱਪਰੋਂ ਲੰਘਦੇ ਹਨ | ਜਿਨ੍ਹਾਂ ਦੇ ਹੇਠੋਂ ਫਿੱਡਾ ਆਊਟਫਾਲ ਦਾ ਪਾਣੀ ਲੰਘਾਉਣ ਲਈ ਸਾਈਫ਼ਨ ਬਣਿਆ ਹੋਇਆ ਹੈ, ਜੋ ਕਿ ਘਾਹ-ਬੂਟੀ, ਕਲਾਲ ਆਦਿ ਨਾਲ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਅਤੇ ਇਸ ਸਾਈਫ਼ਨ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਲੋੜ ਹੈ | ਉਨ੍ਹਾਂ ਅੱਗੇ ਦੱਸਿਆ ਕਿ ਹੁਣ ਬਰਸਾਤੀ ਮੌਸਮ ਸ਼ੁਰੂ ਹੋ ਰਿਹਾ ਹੈ, ਜੇਕਰ ਉਕਤ ਫਿੱਡਾ ਡਰੇਨ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਆਉਣ ਵਾਲੇ ਸਮੇਂ ਵਿਚ ਫਿੱਡਾ ਡਰੇਨ ਦੇ ਨਾਲ ਲੱਗਦੇ ਪਿੰਡਾਂ ਤੇ ਰਕਬੇ ਨੂੰ ਵੱਡੀ ਪੱਧਰ 'ਤੇ ਨੁਕਸਾਨ ਝੱਲਣਾ ਪਵੇਗਾ | ਉਨ੍ਹਾਂ ਮੰਗ ਕੀਤੀ ਕਿ ਫਿੱਡਾ ਆਊਟਫਾਲ ਡਰੇਨ ਪ੍ਰਗਟ ਸਾਹਿਬ ਸਾਈਫ਼ਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ | ਕਿਸਾਨਾਂ ਨੇ ਦੱਸਿਆ ਕਿ ਇਸ ਸਾਈਫ਼ਨ ਦੀ ਸਫ਼ਾਈ ਨਾ ਹੋਣ ਕਰਕੇ ਹਰ ਸਾਲ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਮੇਂ ਦੀ ਮੁੱਖ ਮੰਗ ਅਨੁਸਾਰ ਪਹਿਲ ਦੇ ਆਧਾਰ 'ਤੇ ਸਫ਼ਾਈ ਕਰਵਾਉਣ ਲਈ ਸਰਕਾਰ ਨੂੰ ਗ਼ੌਰ ਕਰਨੀ ਚਾਹੀਦੀ ਹੈ | ਇਸ ਸਾਈਫ਼ਨ ਦੀ ਸਾਫ਼-ਸਫ਼ਾਈ ਲਈ ਨਹਿਰੀ ਮਹਿਕਮੇ ਦੇ ਅਧਿਕਾਰੀ ਨੂੰ ਕਿਸਾਨਾਂ ਨੇ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਮਨਜਿੰਦਰ ਸਿੰਘ ਸਰਪੰਚ ਪਿੰਡ ਹਾਮਦ, ਅਮਰੀਕ ਸਿੰਘ ਨੰਬਰਦਾਰ ਹਾਮਦ, ਬੂਟਾ ਸਿੰਘ, ਹਰਪਾਲ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |