ਅਬੋਹਰ, 18 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਗੁੰਮਜਾਲ ਵਿਚ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਪਰਿਵਾਰ ਪ੍ਰਸ਼ਾਸਨ 'ਤੇ ਉਨ੍ਹਾਂ ਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਦੋਸ਼ ਲਗਾਉਂਦਿਆਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਿੰਡ 'ਚ ਵਾਟਰ ਵਰਕਸ ਟੈਂਕੀ 'ਤੇ ਚੜ੍ਹ ਗਿਆ ਅਤੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ | ਇਹ ਦੇਖ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਿਸਾਨਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ | ਜਾਣਕਾਰੀ ਅਨੁਸਾਰ ਪੀੜਤ ਕਿਸਾਨਾਂ ਬਨ੍ਹਵਾਰੀ ਲਾਲ ਅਤੇ ਰਾਮ ਕੁਮਾਰ ਨੇ ਦੱਸਿਆ ਕਿ ਪਿਛਲੇ ਲਗਭਗ 70 ਸਾਲਾਂ ਤੋਂ ਉਹ ਪਿੰਡ ਦੇ ਜ਼ਿਮੀਂਦਾਰ ਮਨੋਹਰ ਲਾਲ ਪੁੱਤਰ ਪਾਤਰਾਮ ਦੀ ਜ਼ਮੀਨ 'ਤੇ ਕਿਰਾਏਦਾਰ ਵਜੋਂ ਵਾਹੀ ਕਰ ਰਹੇ ਹਨ ਅਤੇ ਜ਼ਿਮੀਂਦਾਰ ਨੇ ਲਗਭਗ ਸਾਢੇ 7 ਏਕੜ ਜ਼ਮੀਨ ਖ਼ਾਲੀ ਕਰਨ ਲਈ ਮਾਨਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਾਲ ਅਧਿਕਾਰੀਆਂ ਨੇ ਉਨ੍ਹਾਂ ਦੀ ਜ਼ਮੀਨ ਦਾ ਮੁਆਵਜ਼ਾ ਬਰਾਨੀ ਜ਼ਮੀਨ ਦੀ ਬਜਾਏ ਨਹਿਰੀ ਜ਼ਮੀਨ ਦੇ ਹਿਸਾਬ ਨਾਲ 1.67 ਲੱਖ ਰੁਪਏ ਕਰ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ | ਜੇਕਰ ਉਨ੍ਹਾਂ ਨੂੰ ਜ਼ਮੀਨ ਖ਼ਾਲੀ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ | ਜਿਸ ਲਈ ਐੱਸ.ਡੀ.ਐਮ, ਤਹਿਸੀਲਦਾਰ ਜ਼ਿੰਮੇਵਾਰ ਹੋਣਗੇ | ਇਸ ਸਬੰਧ ਵਿਚ ਐੱਸ.ਡੀ.ਐਮ ਕਿ੍ਸ਼ਨ ਪਾਲ ਰਾਜਪੂਤ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਜਦੋਂ ਅੱਜ ਉਕਤ ਕਿਸਾਨਾਂ ਵਿਰੁੱਧ ਮਾਲ ਅਦਾਲਤ ਦਾ ਹੁਕਮ ਆਇਆ ਤਾਂ ਜਦੋਂ ਖੂਈਆਂ ਸਰਵਰ ਤਹਿਸੀਲ ਦੇ ਨਾਇਬ ਤਹਿਸੀਲਦਾਰ ਹੁਕਮ ਲਾਗੂ ਕਰਨ ਗਏ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ 'ਤੇ ਚੜ੍ਹ ਗਏ ਅਤੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ | ਇਸ ਦੇ ਨਾਲ ਹੀ ਸਥਿਤੀ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਨੂੰ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਹੈ ਕਿਉਂਕਿ ਨਾਰਾਜ਼ ਕਿਸਾਨ ਨੂੰ ਬੁਲਾਇਆ ਜਾਵੇਗਾ ਅਤੇ ਉਸ ਦੀ ਸਮੱਸਿਆ ਸੁਣੀ ਜਾਵੇਗੀ ਅਤੇ ਜੋ ਵੀ ਹੱਲ ਨਿਕਲੇਗਾ, ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ |